ਮਿਸਾਲ : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੱਥੋਵਾਲ ਦੇ ਲੋਕਾਂ ਨੇ ਉਸਾਰ ਦਿੱਤੀ ਸਕੂਲ ਦੀ ਇਮਾਰਤ

0
308
people-of-village-nathowal-build-the-school-building

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕ ਸਮਾਜ ਲਈ ਮਿਸਾਲ ਬਣੇ ਹਨ। ਪਿੰਡ ਵਾਲਿਆਂ ਨੇ ਪ੍ਰਵਾਸੀ ਭਾਰਤੀ ਪਰਿਵਾਰਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਤਿਆਰ ਕਰ ਦਿੱਤੀ ਹੈ। 

ਦਿਨੇਸ਼ ਮੋਦਗਿਲ, ਲੁਧਿਆਣਾ :

ਜ਼ਿਲ੍ਹਾ ਲੁਧਿਆਣਾ (Distt. Ludhiana) ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ (DC Varinder Sharma) ਨੇ ਪਿੰਡ ਨੱਥੋਵਾਲ (Vill. Nathowal) ਦੇ ਅਗਾਂਹਵਧੂ ਲੋਕਾਂ ਨੂੰ ਸਮਾਜ ਲਈ ਰਾਹ ਦਸੇਰਾ ਕਹਿੰਦਿਆਂ ਹੋਰ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਅੱਜ ਪਿੰਡ ਨੱਥੋਵਾਲ ਵਿਖੇ ਪ੍ਰਵਾਸੀ ਭਾਰਤੀ ਪਰਿਵਾਰਾਂ (NRI families) ਦੇ ਸਹਿਯੋਗ ਨਾਲ ਬਣਾਏ ਸਰਕਾਰੀ ਪ੍ਰਾਇਮਰੀ ਸਕੂਲ (Primary School) ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਰਾਏਕੋਟ ਦੇ ਐੱਸ ਡੀ ਐੱਮ ਗੁਰਬੀਰ ਸਿੰਘ ਕੋਹਲੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।

ਕੈਨੇਡਾ ਵਾਸੀ ਗੁਰਦੀਪ ਸਿੰਘ ਬੁੱਟਰ ਨੇ ਦਿੱਤੇ 25 ਲੱਖ

ਉਹਨਾਂ ਕੈਨੇਡਾ ਵਾਸੀ ਗੁਰਦੀਪ ਸਿੰਘ ਬੁੱਟਰ (ਇਕੱਲੇ ਪਰਿਵਾਰ ਨੇ 25 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦਾ ਯੋਗਦਾਨ ਪਾਇਆ) ਅਤੇ ਹੋਰ ਦਾਨੀ ਸੱਜਣਾਂ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਪਾਏ ਯੋਗਦਾਨ ਦੀ ਉਚੇਚੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੱਥੋਵਾਲ ਨੇ ਸਮਾਜ ਵਿੱਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।

ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ

ਉਹਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਨੱਥੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਲੋੜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪਿੰਡ ਨੂੰ ਸੂਬੇ ਦਾ ਬਿਹਤਰ ਪਿੰਡ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।

ਇਨ੍ਹਾਂ ਲੋਕਾਂ ਨੇ ਦਿੱਤਾ ਯੋਗਦਾਨ

ਇਸ ਮੌਕੇ ਪਿੰਡ ਦੀ ਵੈੱਲਫੇਅਰ ਸੁਸਾਇਟੀ ਦੇ ਆਗੂ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਲਈ ਗੁਰਦੀਪ ਸਿੰਘ ਬੁੱਟਰ ਕੈਨੇਡਾ, ਡਾ. ਭਜਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਪਰਿਵਾਰ ਵੱਲੋਂ ਜਸਵਿੰਦਰ ਕੌਰ, ਸਾਧੂ ਸਿੰਘ ਬੁੱਟਰ, ਭਾਗ ਸਿੰਘ ਅਮਰੀਕਾ ਦੇ ਪਰਿਵਾਰ, ਮਾਸਟਰ ਨਛੱਤਰ ਸਿੰਘ, . ਕਰਮਜੀਤ ਸਿੰਘ, ਜਗਸੀਰ ਸਿੰਘ ਕੈਨੇਡਾ, ਸਰਬਜੀਤ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਸਿੰਘ ਕਾਨੂੰਨਗੋ, ਸੂਬੇਦਾਰ ਜਸਵਿੰਦਰ ਸਿੰਘ, ਬਲੌਰ ਸਿੰਘ ਸਰਪੰਚ, ਪ੍ਰੀਤਮ ਸਿੰਘ ਰਟੌਲ ਅਤੇ ਹੋਰ ਦਾਨੀ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।

Also Read : ਨੌਜਵਾਨ ਗੈਂਗਸਟਰਾਂ, ਹਥਿਆਰਾਂ ਤੋਂ ਦੂਰ ਰਹਿਣ : ਡੀਜੀਪੀ

120 ਤੋਂ ਵਧੇਰੇ ਬੱਚੇ ਦਾਖਲ ਹੋ ਚੁੱਕੇ

ਇਸ ਇਮਾਰਤ ‘ਤੇ ਹੁਣ ਤੱਕ 57 ਲੱਖ ਰੁਪਏ ਦੇ ਕਰੀਬ ਲਾਗਤ ਆ ਚੁੱਕੀ ਹੈ ਜਦਕਿ ਹਲੇ ਹੋਰ ਖਰਚਾ ਹੋਣ ਦੀ ਸੰਭਾਵਨਾ ਹੈ। ਇਸ ਇਮਾਰਤ ਦੇ ਬਣਨ ਨਾਲ ਸਕੂਲ ਵਿਚ ਪਿਛਲੇ ਸਾਲ ਦੇ 62 ਬੱਚਿਆਂ ਦੇ ਮੁਕਾਬਲੇ ਇਸ ਸਾਲ 120 ਤੋਂ ਵਧੇਰੇ ਬੱਚੇ ਦਾਖਲ ਹੋ ਚੁੱਕੇ ਹਨ।
ਗੁਰਦੀਪ ਸਿੰਘ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਜਿਸ ਧਰਤ ਉਤੇ ਉਹ ਜੰਮੇ ਅਤੇ ਵੱਡੇ ਹੋਏ ਹਨ ਉਸ ਲਈ ਕੁਝ ਕੀਤਾ ਜਾਵੇ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਲੁਧਿਆਣਾ ਜਸਵਿੰਦਰ ਕੌਰ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਰਾਜਿੰਦਰ ਕੌਰ, ਪਰਮਿੰਦਰ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਹੜੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।

Also Read :  ਪਾਰਟੀ ਵਿੱਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਵੜਿੰਗ

Connect With Us : Twitter Facebook youtube

SHARE
SHARE