ਯੂਨੀਵਰਸਿਟੀਆਂ ਦੇਸ਼ ਲਈ ਗਿਆਨਵਾਨ ਅਤੇ ਸਭਿਅਕ ਨਾਗਰਿਕ ਪੈਦਾ ਕਰ ਰਹੀਆਂ ਹਨ: ਰਾਜਪਾਲ ਪੰਜਾਬ Convocation
ਦਿਨੇਸ਼ ਮੋਦਗਿਲ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਆਪਣੀ ਦੂਜੀ ਕਨਵੋਕੇਸ਼ਨ, ਪਾਲ ਆਡੀਟੋਰੀਅਮ, ਪੀ ਏ ਯੂ ਕੈਂਪਸ ਵਿਖੇ ਆਯੋਜਿਤ ਕੀਤੀ। ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ, ਬਨਵਾਰੀ ਲਾਲ ਪੁਰੋਹਿਤ ਨੇ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਪੂਰਿਆਂ ਕਰਨ ਤੋਂ ਬਾਅਦ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਉਮੀਦ ਕੀਤੀ ਕਿ ਉਹ ਆਪਣੇ ਪੇਸ਼ੇਵਰ ਜੀਵਨ ਵਿਚ ਹਰ ਕਿਸਮ ਦੀਆਂ ਚੁਣੌਤੀਆਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨਗੇ ਤਾਂ ਜੋ ਪਸ਼ੂ ਪਾਲਣ ਖੇਤਰ ਅਤੇ ਸਮਾਜਿਕ ਜੀਵਨ ਵਿਚ ਉਨ੍ਹਾਂ ਦਾ ਨਿੱਗਰ ਯੋਗਦਾਨ ਪੈ ਸਕੇ। ਉਨ੍ਹਾਂ ਨੇ ਦੇਸ਼ ਲਈ ਗਿਆਨਵਾਨ, ਵਿਦਵਾਨ ਅਤੇ ਸਭਿਅਕ ਨਾਗਰਿਕ ਪੈਦਾ ਕਰਨ ਲਈ ਯੂਨੀਵਰਸਿਟੀਆਂ ਦੀਆਂ ਭੁਮਿਕਾ ਨੂੰ ਸਰਾਹਿਆ। ਉਨ੍ਹਾਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਪਸ਼ੂਧਨ ਖੇਤਰ ਦੇ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ।
ਉਨ੍ਹਾਂ ਕਿਹਾ ਕਿ 2019 ਵਿਚ ਭਾਰਤ ਸਰਕਾਰ ਵਲੋਂ ਵੱਖਰਾ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਸਿਰਜਣ ਤੋਂ ਬਾਅਦ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਵਿਤੀ ਵਰ੍ਹੇ 2022-23 ਲਈ ਫੰਡ 40 ਪ੍ਰਤੀਸ਼ਤ ਤੋਂ ਵੀ ਵਧਾ ਦਿੱਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਵਿਗਿਆਨੀ ਸਾਲ 2030 ਤਕ ਦੁੱਧ ਅਤੇ ਦੁੱਧ ਉਤਪਾਦਾਂ ਦੀ 266.5 ਮਿਲੀਅਨ ਮੀਟਿ੍ਰਕ ਟਨ ਦੀ ਅਨੁਮਾਨਿਤ ਰਾਸ਼ਟਰੀ ਮੰਗ ਨੂੰ ਪੂਰਿਆਂ ਕਰਨ ਲਈ ਇਕ ਮਸੌਦਾ ਤਿਆਰ ਕਰਨਗੇ।
ਉਨ੍ਹਾਂ ਕਿਹਾ ਕਿ ਸੰਸਾਰ ਦੇ ਦੂਸਰੇ ਖੇਤਰਾਂ ਵਿਚ ਚਲ ਰਹੀ ਜੰਗ ਕਾਰਣ ਪਸ਼ੂ ਫੀਡ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ ਅਤੇ ਉਹ ਵਿਗਿਆਨੀਆਂ ਤੋਂ ਆਸਵੰਦ ਹਨ ਕਿ ਉਹ ਘੱਟ ਕੀਮਤ ਦੀ ਖੁਰਾਕ ਵਿਕਸਤ ਕਰਨ ਲਈ ਯਤਨ ਕਰਨਗੇ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਵੈਟਨਰੀ ਯੂਨੀਵਰਸਿਟੀ ਕੋਲ ਰਾਸ਼ਟਰੀ ਪੱਧਰ ’ਤੇ ਸਰਵਉੱਤਮ ਉਤਪਾਦਨ ਵਾਲੀਆਂ ਦੋਗਲੀ ਨਸਲ ਦੀਆਂ ਗਾਵਾਂ ਹਨ ਜਿਨ੍ਹਾਂ ਨੇ ਇਕ ਸੂਏ ਵਿਚ 6000 ਕਿਲੋ ਤੋਂ ਵਧੇਰੇ ਦੁੱਧ ਪੈਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਸ਼ੂਧਨ ਨੂੰ ਕਈ ਲਾਗ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਸਾਡੇ ਡਾਕਟਰਾਂ ਨੂੰ ਅਜਿਹੇ ਆਸਾਨ ਤਰੀਕੇ ਈਜਾਦ ਕਰਨੇ ਚਾਹੀਦੇ ਹਨ ਜਿਸ ਨਾਲ ਬਿਮਾਰੀ ਦਾ ਛੇਤੀ ਪਤਾ ਲਗ ਸਕੇ ਤਾਂ ਜੋ ਵਧੇਰੇ ਨੁਕਸਾਨ ਤੋਂ ਬਚਿਆ ਜਾ ਸਕੇ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਵਿਚ 2011 ਵਿਚ ਹੋਈ ਪਿਛਲੀ ਕਨਵੋਕੇਸ਼ਨ ਤੋਂ ਹੁਣ ਤਕ ਯੂਨੀਵਰਸਿਟੀ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੋਲ ਬਹੁਤ ਹੀ ਬਿਹਤਰ ਅਤੇ ਨਿਪੁੰਨਤਾ ਵਾਲਾ ਆਧੁਨਿਕ ਬੁਨਿਆਦੀ ਢਾਂਚਾ ਹੈ। ਯੂਨੀਵਰਸਿਟੀ ਦੇ ਅਧਿਆਪਕ ਬਹੁਤ ਨਿਪੁੰਨਤਾ ਨਾਲ ਖੋਜ, ਅਧਿਆਪਨ ਅਤੇ ਪਸਾਰ ਗਤੀਵਿਧੀਆਂ ਨੂੰ ਨਿਭਾਅ ਰਹੇ ਹਨ।
ਇਹ ਸੰਸਥਾ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਮਾਨਤਾ ਪ੍ਰਾਪਤ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਵੀ ਮੰਜ਼ੂਰਸ਼ੁਦਾ ਹੈ।ਵਿਦਿਆਰਥੀ ਇਥੇ ਵੈਟਨਰੀ ਵਿਗਿਆਨ, ਮੱਛੀ ਪਾਲਣ ਵਿਗਿਆਨ, ਡੇਅਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਐਨੀਮਲ ਬਾਇਓਤਕਨਾਲੋਜੀ ਵਿਚ ਉੱਚ ਪੇਸ਼ੇਵਰ ਸਿੱਖਿਆ ਪ੍ਰਾਪਤ ਕਰ ਸਕਦੇ ਹਨ।
318 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ Convocation
ਉਨ੍ਹਾਂ ਨੇ ਯੂਨੀਵਰਸਿਟੀ ਵਿਖੇ ਵੱਖ-ਵੱਖ ਰਾਸ਼ਟਰੀ ਏਜੰਸੀਆਂ ਵਲੋਂ ਦਿੱਤੇ ਗਏ 39 ਕਰੋੜ ਰੁਪਏ ਦੇ ਫੰਡ ਨਾਲ ਚਲ ਰਹੇ 120 ਖੋਜ ਪ੍ਰਾਜੈਕਟਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਨਾਲ ਜੁੜੇ ਭਾਈਵਾਲਾਂ ਤਕ ਪਹੁੰਚਾਈਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਨੂੰ ਵੀ ਉਜਾਗਰ ਕੀਤਾ। ਨਾਬਾਰਡ ਬੈਂਕ ਦੀ ਵਿਤੀ ਸਹਾਇਤਾ ਨਾਲ ਚਲਾਏ ਜਾ ਰਹੇ ’ਪਸ਼ੂ ਪਾਲਕ ਟੈਲੀ-ਐਡਵਾਇਜ਼ਰੀ ਕੇਂਦਰ’ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ। ਯੂਨੀਵਰਸਿਟੀ ਵਲੋਂ ਨਵੇਂ ਸੰਚਾਰ ਸਾਧਨਾਂ ਜਿਵੇਂ ਯੂਟਿਊਬ ਚੈਨਲ, ਈ-ਮੈਗਜ਼ੀਨ, ਈ-ਨਿਊਜ਼ਲੈਟਰ, ਵੈਬੀਨਾਰ ਅਤੇ ਟਵਿੱਟਰ ਰਾਹੀਂ ਕੀਤੇ ਜਾ ਰਹੇ ਪਸਾਰ ਬਾਰੇ ਵੀ ਉਨ੍ਹਾਂ ਵਿਚਾਰ ਰੱਖੇ।
ਇਸ ਮੌਕੇ ’ਤੇ ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਤਰੁਣ ਸ਼੍ਰੀਧਰ, ਸੇਵਾ ਮੁਕਤ, ਆਈ. ਏ. ਐਸ. ਅਤੇ ਮੈਂਬਰ (ਪ੍ਰਸ਼ਾਸਕੀ) ਕੇਂਦਰੀ ਪ੍ਰਬੰਧਕੀ ਟਿ੍ਰਬਿਊਨਲ ਨੂੰ ਸਨਮਾਨ ਹਿਤ ਪੀਐਚ.ਡੀ ਦੀ ਆਨਰੇਰੀ ਡਿਗਰੀ ਵੀ ਪ੍ਰਦਾਨ ਕੀਤੀ ਗਈ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਜਾਣਕਾਰੀ ਦਿੱਤੀ ਕਿ 318 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਜਿੰਨ੍ਹਾਂ ਨੇ ਡਾਕਟਰ ਆਫ਼ ਫ਼ਿਲਾਸਫ਼ੀ, ਮਾਸਟਰ ਆਫ ਵੈਟਨਰੀ ਸਾਇੰਸ, ਮਾਸਟਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਮਾਸਟਰ ਆਫ਼ ਫ਼ਿਸ਼ਰੀਜ਼ ਸਾਇੰਸ, ਮਾਸਟਰ ਆਫ਼ ਵੈਟਨਰੀ ਸਾਇੰਸ/ਮਾਸਟਰ ਆਫ਼ ਸਾਇੰਸ (ਬਾਇਓਟੈਕਨਾਲੋਜੀ), ਬੈਚਲਰ ਆਫ਼ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ, ਬੈਚਲਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਬੈਚਲਰ ਆਫ਼ ਫ਼ਿਸ਼ਰੀਜ਼ ਸਾਇੰਸ ਅਤੇ ਬੈਚਲਰ ਆਫ਼ ਬਾਇਓਟੈਕਨਾਲੋਜੀ ਦੇ ਖੇਤਰ ਵਿਚ ਆਪਣੇ ਅਕਾਦਮਿਕ ਪ੍ਰੋਗਰਾਮਾਂ ਨੂੰ ਸਫ਼ਲਤਾ ਸਹਿਤ ਸੰਪੂਰਨ ਕਰ ਲਿਆ ਸੀ। ਯੂਨੀਵਰਸਿਟੀ ਪੱਧਰ ’ਤੇ ਆਪੋ ਆਪਣੇ ਖੇਤਰ ਵਿਚ ਮਹੱਤਵਪੂਰਨ ਕਾਰਗੁਜ਼ਾਰੀ ਦਰਸਾਉਣ ਵਾਲੇ ਵਿਭਿੰਨ ਅਕਾਦਮਿਕ ਸੈਸ਼ਨਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ 24 ਸੋਨੇ ਦੇ ਤਗਮੇ ਵੀ ਦਿੱਤੇ ਗਏ।
ਇਸ ਮੌਕੇ ਡਾ. ਉਮੇਸ਼ ਚੰਦਰ ਸ਼ਰਮਾ, ਵੈਟਨਰੀ ਕਾਊਂਸਲ ਆਫ਼ ਇੰਡੀਆ ਦੇ ਪ੍ਰਧਾਨ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਯੂਨੀਵਰਸਿਟੀ ਅਧਿਕਾਰੀਆਂ, ਮੋਹਤਬਰ ਸ਼ਖ਼ਸੀਅਤਾਂ ਅਤੇ ਅਧਿਆਪਕਾਂ ਨੇ ਭਰਵੇਂ ਰੂਪ ਵਿਚ ਸ਼ਮੂਲੀਅਤ ਕੀਤੀ। Convocation
Also Read : ਰੇਤ ਦੀਆਂ ਵਧ ਰਹੀਆਂ ਕੀਮਤਾਂ ਬਣਿਆਂ ਸਰਕਾਰ ਲਈ ਮੁਸੀਬਤ
Also Read : ਪੰਜਾਬ ਪੁਲਿਸ ਕੋਈ ਲਿਹਾਜ਼ ਨਾ ਵਰਤੇ : ਭਗਵੰਤ ਮਾਨ Government of Punjab virtual meeting
Also Read : ਸੁਵਿਧਾ ਕੇਂਦਰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤੇ ਜਾਣਗੇ: ਬ੍ਰਮ ਸ਼ੰਕਰ ਜਿੰਪਾ Checking of Suwidha Kendra
Also Read : ਨਗਰ ਨਿਗਮ ਚੋਣਾਂ ‘ਚ ਪਾਰਟੀ ਮਜ਼ਬੂਤੀ ਨਾਲ ਲੜੇਗੀ: ਰਾਜਾ ਵੜਿੰਗ Congress Ready for MC Election
Connect With Us : Twitter Facebook youtube