ਕੀਰਤਨੀ ਜਥਿਆਂ ਨੂੰ ਹਰਮੋਨੀਅਮ ਤੋਂ ਬਿਨਾਂ ਕੀਰਤਨ ਕਰਨ ਦੀ ਦਿੱਤੀ ਜਾ ਰਹੀ ਸਿਖਲਾਈ
ਇੰਡੀਆ ਨਿਊਜ਼, ਅੰਮ੍ਰਿਤਸਰ : ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਸਰਵਣ ਕਰਨ ਵਾਲੀਆਂ ਸੰਗਤਾਂ ਦੇ ਕੰਨਾਂ ਵਿਚ ਹਾਰਮੋਨੀਅਮ ਦੀ ਆਵਾਜ਼ ਸੁਣਨੀ ਜਲਦ ਹੀ ਬੰਦ ਹੋ ਜਾਵੇਗੀ । ਅਜਿਹਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਇਸ ਹੁਕਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਤਰਾਂ ਬੰਦ ਹੋਵੇਗੀ ਵਰਤੋਂ
ਹੁਕਮਾਂ ਵਿੱਚ ਹਰਮੋਨੀਅਮ ਦੀ ਵਰਤੋਂ ਨੂੰ ਇੱਕੋ ਵਾਰ ਬੰਦ ਕਰਨ ਲਈ ਨਹੀਂ ਕਿਹਾ ਗਿਆ। ਸਗੋਂ ਇਸ ਦੀ ਵਰਤੋਂ ਹੌਲੀ-ਹੌਲੀ ਘਟਾਈ ਜਾਵੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਯੋਗ ਨੂੰ ਪੂਰੀ ਤਰ੍ਹਾਂ ਨਾਲ ਨਾ ਰੋਕ ਕੇ ਕ੍ਰਮਵਾਰ ਬੰਦ ਕੀਤਾ ਜਾਵੇਗਾ। ਤਾਂ ਜੋ ਦੇਸ਼-ਵਿਦੇਸ਼ ਵਿਚ ਗੁਰਬਾਣੀ ਸਰਵਣ ਕਰਨ ਵਾਲੇ ਕਰੋੜਾਂ ਸੰਗਤਾਂ ਕੀਰਤਨ ਵਿਚ ਇਸ ਦੀ ਕਮੀ ਮਹਿਸੂਸ ਨਾ ਕਰਨ। ਯੋਜਨਾ ਮੁਤਾਬਕ ਪਹਿਲਾਂ ਬਿਨਾ ਹਰਮੋਨੀਅਮ ਕੀਰਤਨ ਕਰਨ ਵਾਲੇ ਜੱਥੇ ਤਿਆਰ ਹੋਣਗੇ, ਉਸ ਤੋਂ ਬਾਅਦ ਇਸ ਦੀ ਵਰਤੋਂ ਘੱਟ ਕਰ ਦਿੱਤੀ ਜਾਵੇਗੀ।
ਮੁੱਖ ਬੈਚਾਂ ਨੂੰ ਸਿਖਲਾਈ ਦਿੱਤੀ ਜਾ ਰਹੀ
ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਨੂੰ ਬਿਨਾਂ ਹਰਮੋਨੀਅਮ ਤੋਂ ਕੀਰਤਨ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜਦੋਂ ਇਹ ਜੱਥੇ ਹਰਮੋਨੀਅਮ ਤੋਂ ਬਿਨਾਂ ਕੀਰਤਨ ਕਰਨ ਵਿਚ ਨਿਪੁੰਨ ਹੋ ਗਏ ਤਾਂ ਹੌਲੀ-ਹੌਲੀ ਇਸ ਦੀ ਵਰਤੋਂ ਘਟਦੀ ਜਾਵੇਗੀ। ਜਿਸ ਤੋਂ ਬਾਅਦ 2025 ਤੱਕ ਇਸ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।
ਕੀ ਦਲੀਲ ਦਿੱਤੀ ਗਈ ਸੀ
ਕੀਰਤਨ ਵਿੱਚ ਹਰਮੋਨੀਅਮ ਦੀ ਵਰਤੋਂ ਨੂੰ ਰੋਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਐਚਐਸ ਧਾਮੀ ਦਾ ਕਹਿਣਾ ਹੈ ਕਿ ਸਾਡੇ ਗੁਰੂ ਸਾਹਿਬ ਨੇ ਕਦੇ ਵੀ ਹਾਰਮੋਨੀਅਮ ਦੀ ਵਰਤੋਂ ਨਹੀਂ ਕੀਤੀ। ਇਹ ਸੰਗੀਤਕ ਸਾਜ਼ ਅੰਗਰੇਜ਼ਾਂ ਦਾ ਤੋਹਫ਼ਾ ਹੈ ਅਤੇ ਇਹ 19ਵੀਂ ਸਦੀ ਵਿੱਚ ਵਰਤਿਆ ਜਾਣ ਲੱਗਾ। ਜਥੇਦਾਰ ਦਾ ਕਹਿਣਾ ਹੈ ਕਿ ਅਸੀਂ ਇੱਕ ਵਾਰ ਫਿਰ ਉਨ੍ਹਾਂ ਰਵਾਇਤੀ ਸਾਜ਼ਾਂ ਨੂੰ ਕੀਰਤਨ ਦਾ ਹਿੱਸਾ ਬਣਾਵਾਂਗੇ ਜੋ ਸਾਡੇ ਗੁਰੂ ਸਾਹਿਬਾਨ ਨੇ ਵਰਤੇ ਸਨ।
ਇਹ ਵੀ ਪੜੋ : ਮੈਂ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕੀ ਹੈ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਹੋਣਗੇ : ਭਗਵੰਤ ਮਾਨ
ਸਾਡੇ ਨਾਲ ਜੁੜੋ : Twitter Facebook youtube