ਦਿਨੇਸ਼ ਮੌਦਗਿਲ, ਲੁਧਿਆਣਾ/ਮਾਨਸਾ: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਪਿੰਡ ਮੂਸੇ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰਾਹੁਲ ਗਾਂਧੀ 11.55 ‘ਤੇ ਪਿੰਡ ਮੂਸੇ ਪਹੁੰਚੇ ਅਤੇ ਕਰੀਬ 12.50 ਤੱਕ ਇੱਥੇ ਰੁਕੇ ਅਤੇ ਇਸ ਤੋਂ ਬਾਅਦ ਵਾਪਸੀ ਲਈ ਰਵਾਨਾ ਹੋ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲ ਵੀ ਨਹੀਂ ਕੀਤੀ।
ਕਾਂਗਰਸ ਦੇ ਇਕ ਨੇਤਾ ਮੁਤਾਬਕ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਆਗੂ ਅਨੁਸਾਰ ਰਾਹੁਲ ਗਾਂਧੀ ਨੇ ਪਰਿਵਾਰ ਨੂੰ ਕਿਹਾ ਕਿ ਪਰਿਵਾਰ ਜੋ ਵੀ ਫੈਸਲਾ ਲਵੇਗਾ ਪਾਰਟੀ ਉਨ੍ਹਾਂ ਦੇ ਨਾਲ ਜਾਵੇਗੀ ਅਤੇ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਪਿੰਡ ਮੂਸੇਵਾਲਾ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
29 ਮਈ ਸ਼ਾਮ ਨੂੰ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ‘ਤੇ 29 ਮਈ, ਐਤਵਾਰ ਸ਼ਾਮ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਆਪਣੀ ਮਾਸੀ ਦਾ ਹਾਲ ਚਾਲ ਜਾਣਨ ਲਈ ਘਰੋਂ ਨਿਕਲੇ ਸਨ। ਇਸ ਦੌਰਾਨ ਸਿੱਧੂ ਆਪਣੀ ਫਾਰਚੂਨਰ ਕਾਰ ਅਤੇ ਬਾਡੀਗਾਰਡ ਤੋਂ ਬਿਨਾਂ ਜਾ ਰਹੇ ਸਨ।
ਉਸ ਦੇ ਨਾਲ ਉਸ ਦੇ ਦੋ ਦੋਸਤ ਮੌਜੂਦ ਸਨ। ਹਮਲਾਵਰਾਂ ਨੇ ਸਿੱਧੂ ‘ਤੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਸਨ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਨੇ ਐਤਵਾਰ ਨੂੰ ਹੀ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ।
ਸਰੀਰ ‘ਤੇ 24 ਥਾਵਾਂ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ
5 ਡਾਕਟਰਾਂ ਦੇ ਪੈਨਲ ਨੇ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ। ਜਿਸ ‘ਚ ਸਿੱਧੂ ਦੇ ਸਰੀਰ ‘ਚ 24 ਥਾਵਾਂ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇੱਕ ਗੋਲੀ ਸਿੱਧੂ ਦੇ ਫੇਫੜਿਆਂ ਅਤੇ ਜਿਗਰ ਦੇ ਵਿਚਕਾਰ ਲੱਗੀ। ਮੰਨਿਆ ਜਾ ਰਿਹਾ ਹੈ ਕਿ ਇਹ ਸਿੱਧੂ ਦੀ ਮੌਤ ਦਾ ਕਾਰਨ ਸੀ। ਇਸ ਤੋਂ ਇਲਾਵਾ ਜ਼ਿਆਦਾ ਖੂਨ ਵਹਿਣਾ ਵੀ ਸਿੱਧੂ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਹਮਲਾਵਰਾਂ ਦੀਆਂ ਗੋਲੀਆਂ ਸਿੱਧੂ ਦੇ ਸਿਰ, ਛਾਤੀ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਲੱਗੀਆਂ ਹਨ।
ਇਹ ਵੀ ਪੜੋ : ਸ਼ੁਭਦੀਪ ਸਿੰਘ ਸਿੱਧੂ ਤੋਂ ਸਿੱਧੂ ਮੂਸੇਵਾਲਾ ਤੱਕ ਦਾ ਸਫ਼ਰ
ਸਾਡੇ ਨਾਲ ਜੁੜੋ : Twitter Facebook youtube