ਪ੍ਰਸ਼ੰਸਕਾਂ ‘ਚ ਪੰਜਾਬ ਸਰਕਾਰ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ
ਦਿਨੇਸ਼ ਮੌਦਗਿਲ, ਲੁਧਿਆਣਾ/ਮਾਨਸਾ: ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਲਈ ਮਾਨਸਾ ਦੀ ਅਨਾਜ ਮੰਡੀ ਵਿਖੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਪਹੁੰਚ ਰਹੇ ਹਨ। ਫ਼ਰੀਦਕੋਟ, ਮੋਗਾ, ਲੁਧਿਆਣਾ, ਪਟਿਆਲਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਸ਼ੰਸਕ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੀ ਗਾਇਕ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਹਨ। ਦੁਪਹਿਰ 1 ਵਜੇ ਤੱਕ ਲਗਭਗ 1.5 ਤੋਂ 2 ਲੱਖ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਸ਼ੰਸਕਾਂ ਦੀ ਭੀੜ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ ਅਤੇ ਕੀਰਤਨ ਚੱਲ ਰਿਹਾ ਹੈ।
ਪਰਿਵਾਰ ਨੇ ਪ੍ਰਸੰਸਕਾਂ ਨੂੰ ਦਸਤਾਰ ਸਜਾ ਕੇ ਆਉਣ ਦੀ ਅਪੀਲ ਕੀਤੀ
ਪਰਿਵਾਰ ਨੇ ਪ੍ਰਸੰਸਕਾਂ ਨੂੰ ਦਸਤਾਰ ਸਜਾ ਕੇ ਆਉਣ ਦੀ ਅਪੀਲ ਕੀਤੀ ਸੀ, ਇਹੀ ਸਿੱਧੂ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਅਪੀਲ ਨੂੰ ਦੇਖਦੇ ਹੋਏ ਕਈ ਪ੍ਰਸ਼ੰਸਕ ਪੱਗਾਂ ਬੰਨ੍ਹ ਕੇ ਪਹੁੰਚੇ ਹਨ, ਕਈ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਵੀ ਪਾ ਕੇ ਆਏ ਹਨ ਅਤੇ ਕਈ ਪ੍ਰਸ਼ੰਸਕ ਟੈਟੂ ਲੈ ਕੇ ਆਏ ਹਨ। ਕਰੀਬ ਢਾਈ ਸਾਲ ਦੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ, ਬਜ਼ੁਰਗ ਹਰ ਉਮਰ ਦੇ ਲੋਕ ਅੰਤਿਮ ਅਰਦਾਸ ਮੌਕੇ ਪੁੱਜਣ ਵਾਲੇ ਪ੍ਰਸੰਸਕਾਂ ਵਿੱਚ ਨਜ਼ਰ ਆ ਰਹੇ ਹਨ। ਕਈ ਪ੍ਰਸੰਸਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀ ਗਾਇਕੀ ਅਤੇ ਸੁਭਾਅ ਸਦਕਾ ਸਾਡੇ ਦਿਲਾਂ ਵਿੱਚ ਹਮੇਸ਼ਾ ਵਸਦੇ ਰਹਿਣਗੇ। ਪ੍ਰਸ਼ੰਸਕ ਹੰਝੂਆਂ ਵਿੱਚ ਹਨ ਅਤੇ ਇਸ ਨੌਜਵਾਨ ਗਾਇਕ ਦੇ ਦਿਹਾਂਤ ਦਾ ਉਦਾਸ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਿਹਾ ਹੈ।
ਕਈ ਥਾਵਾਂ ‘ਤੇ ਲੰਗਰ ਵੀ ਲਗਾਏ ਗਏ
ਉਥੇ ਪ੍ਰਸੰਸਕਾਂ ਨੂੰ ਦੇਣ ਲਈ ਪੌਦੇ ਵੀ ਰੱਖੇ ਗਏ ਹਨ, ਤਾਂ ਜੋ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਵੀ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਲੰਗਰ ਵੀ ਲਗਾਏ ਗਏ ਹਨ। ਪੰਜਾਬ ਸਰਕਾਰ ਪ੍ਰਤੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਭਾਰੀ ਗੁੱਸਾ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਨਾਕਾਮਯਾਬੀ ਹੈ। ਕੁਝ ਪ੍ਰਸ਼ੰਸਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਕਾਰ ਨੇ ਸੁਰੱਖਿਆ ਵਾਪਸ ਨਾ ਲਈ ਹੁੰਦੀ ਤਾਂ ਅੱਜ ਉਨ੍ਹਾਂ ਦਾ ਚਹੇਤਾ ਗਾਇਕ ਸਿੱਧੂ ਮੂਸੇਵਾਲਾ ਦੁਨੀਆਂ ਵਿੱਚ ਹੁੰਦਾ।
ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਵੋਟਾਂ ਪਾ ਕੇ ਸਰਕਾਰ ਨੂੰ ਜਿਤਾਇਆ ਹੈ ਪਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਇਹ ਸਰਕਾਰ ਫੇਲ ਹੋ ਗਈ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਪੰਜਾਬ ਦੇ ਸਟਾਰ ਗਾਇਕ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਅਸੀਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਕਰਾਂਗੇ। ਅਸੀਂ ਹੁਣ ਘਰੋਂ ਨਿਕਲਦਿਆਂ ਵੀ ਡਰਦੇ ਹਾਂ।
ਇਹ ਵੀ ਪੜੋ : ਸ਼ੁਭਦੀਪ ਸਿੰਘ ਸਿੱਧੂ ਤੋਂ ਸਿੱਧੂ ਮੂਸੇਵਾਲਾ ਤੱਕ ਦਾ ਸਫ਼ਰ
ਸਾਡੇ ਨਾਲ ਜੁੜੋ : Twitter Facebook youtube