ਇਹ ਜਿੱਤ ਹਰ ਪਾਰਟੀ ਲਈ ਅਹਿਮ
ਦਿਨੇਸ਼ ਮੌਦਗਿਲ, ਲੁਧਿਆਣਾ: 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਜਿੱਤ ਦਾ ਰਾਹ ਕਿਸੇ ਵੀ ਪਾਰਟੀ ਲਈ ਆਸਾਨ ਨਹੀਂ ਹੈl ਹਰ ਪਾਰਟੀ ਨੂੰ ਜਿੱਤ ਲਈ ਜ਼ੋਰ ਲਾਉਣਾ ਪਵੇਗਾ। ਇਸ ਦੇ ਨਾਲ ਹੀ ਇਹ ਜਿੱਤ ਹਰ ਪਾਰਟੀ ਲਈ ਅਹਿਮ ਹੋਵੇਗੀ ਕਿਉਂਕਿ ਇਸ ਜਿੱਤ ਨਾਲ ਪਾਰਟੀਆਂ ਦਾ ਭਵਿੱਖ ਵੀ ਦੇਖਿਆ ਜਾ ਸਕਦਾ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 21 ਉਮੀਦਵਾਰਾਂ ਵਿੱਚੋਂ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪੜਤਾਲ ਉਪਰੰਤ ਰੱਦ ਕਰ ਦਿੱਤੇ ਗਏ ਸਨ l ਹੁਣ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਵਿੱਚੋਂ 9 ਆਜ਼ਾਦ ਉਮੀਦਵਾਰ ਹਨ।
ਮੁੱਖ ਪਾਰਟੀਆਂ ਦੇ ਇਹ ਆਗੂ ਮਦਾਨ ਵਿੱਚ
ਕਾਂਗਰਸ ਦੇ ਦਲਵੀਰ ਸਿੰਘ ਗੋਲਡੀ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਲਦੀਪ ਕੌਰ ਰਾਜੋਆਣਾ, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਹਨ। ਇਸ ਤਰ੍ਹਾਂ ਇਸ ਜ਼ਿਮਨੀ ਚੋਣ ਲਈ ਪ੍ਰਮੁੱਖ ਪਾਰਟੀਆਂ ਦੇ ਇਨ੍ਹਾਂ 5 ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਹੈ।
5 ਉਮੀਦਵਾਰਾਂ ਦੀ ਪੰਜਾਬ ਰਾਜਨੀਤੀ ਵਿੱਚ ਅਹਿਮ ਥਾਂ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇੱਕ ਵਾਰ ਉਹ ਤਰਨਤਾਰਨ ਤੋਂ ਅਤੇ ਇੱਕ ਵਾਰ ਸੰਗਰੂਰ ਤੋਂ ਜਿੱਤੇ। ਇਸੇ ਤਰ੍ਹਾਂ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਚੋਣ ਹਾਰ ਗਏ ਹਨ। ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ 2017 ਵਿੱਚ ਬਰਨਾਲਾ ਤੋਂ ਵਿਧਾਇਕ ਬਣੇ ਸਨ ਅਤੇ 2019 ਵਿੱਚ ਕਾਂਗਰਸ ਵੱਲੋਂ ਲੋਕ ਸਭਾ ਚੋਣ ਵੀ ਲੜੀ ਸੀ। ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੇ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਹਨ।
ਵਿਧਾਨ ਸਭਾ ਚੋਣਾਂ ਵਿੱਚ ਰਹੀ ਆਮ ਆਦਮੀ ਪਾਰਟੀ ਦੀ ਲਹਿਰ
ਜੇਕਰ ਇੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਪਾਰਟੀ ਦੀ ਲਹਿਰ ਨੇ ਸਾਰੀਆਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਸੀl ਆਮ ਆਦਮੀ ਪਾਰਟੀ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਸਫਲ ਰਹੀ ਸੀ। ਪਰ ਸਰਕਾਰ ਬਣਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਮਨ-ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ, ਉੱਥੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਚਹੇਤਿਆਂ ਵਿੱਚ ਵੀ ਪੰਜਾਬ ਸਰਕਾਰ ਵਿਰੁੱਧ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਲਈ ਇਹ ਜਿੱਤ ਅਹਿਮ ਹੈ ਕਿਉਂਕਿ ਇਸ ਦਾ ਅਸਰ ਕੁਝ ਹੋਰ ਰਾਜਾਂ ਦੇ ਚੋਣ ਨਤੀਜਿਆਂ ‘ਤੇ ਵੀ ਪੈ ਸਕਦਾ ਹੈ।
ਕਾਂਗਰਸ ਨੇ ਇਸ ਉਪ ਚੋਣ ਲਈ ਵਿਸ਼ੇਸ਼ ਰਣਨੀਤੀ ਬਣਾਈ
ਇਸੇ ਤਰ੍ਹਾਂ ਜੇਕਰ ਕਾਂਗਰਸ ਦੀ ਹਾਲਤ ‘ਤੇ ਨਜ਼ਰ ਮਾਰੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਵੀ ਕਾਂਗਰਸ ਲਈ ਸਥਿਤੀ ਕੋਈ ਖਾਸ ਨਹੀਂ ਰਹੀ ਅਤੇ ਪਾਰਟੀ ਦੇ ਇਕ ਸਾਬਕਾ ਪ੍ਰਧਾਨ, ਕੁਝ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਪਰ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਉਪ ਚੋਣ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ। ਜਿਸ ਵਿੱਚ ਉਨ੍ਹਾਂ ਨੇ ਦਲਵੀਰ ਸਿੰਘ ਗੋਲਡੀ ਦੀ ਹਮਾਇਤ ਵਿੱਚ ਪਾਰਟੀ ਦੇ 50 ਦੇ ਕਰੀਬ ਪ੍ਰਭਾਵਸ਼ਾਲੀ ਆਗੂਆਂ ਨੂੰ ਸ਼ਾਮਲ ਕੀਤਾ ਹੈ, ਤਾਂ ਜੋ ਇਸ ਜ਼ਿਮਨੀ ਚੋਣ ਨੂੰ ਜਿੱਤ ਕੇ ਕਾਂਗਰਸ ਇੱਕ ਵਾਰ ਫਿਰ ਪੰਜਾਬ ਵਿੱਚ ਆਪਣਾ ਅਕਸ ਸੁਧਾਰ ਕੇ ਪਾਰਟੀ ਨੂੰ ਮਜ਼ਬੂਤ ਕਰ ਸਕੇ।
ਭਾਜਪਾ ਨੇ ਵੀ ਕਮਰ ਕੱਸ ਲਈ ਹੈ
ਇਸ ਜ਼ਿਮਨੀ ਚੋਣ ਨੂੰ ਜਿੱਤਣ ਲਈ ਭਾਜਪਾ ਨੇ ਵੀ ਕਮਰ ਕੱਸ ਲਈ ਹੈ ਅਤੇ ਹੋਰ ਪਾਰਟੀਆਂ ਦੇ ਕਈ ਵੱਡੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜੋ ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਪੰਜਾਬ ‘ਚ ਵੀ ਭਾਜਪਾ ਮਜ਼ਬੂਤ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ। ਪਰ ਕਿਸਾਨ ਅੰਦੋਲਨ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਭਾਜਪਾ ਦੀ ਸਥਿਤੀ ਕੋਈ ਖਾਸ ਨਹੀਂ ਹੈ। ਇਸ ਦੇ ਨਾਲ ਹੀ ਵਧਦੀ ਮਹਿੰਗਾਈ ਵੀ ਉਨ੍ਹਾਂ ਲਈ ਕਮਜ਼ੋਰ ਪੁਆਇੰਟ ਹੈ। ਪਰ ਫਿਰ ਵੀ ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਢੀਂਡਸਾ ਦੀ ਹਮਾਇਤ ਨਾਲ ਡੂੰਘੇ ਮੁਕਾਬਲੇ ਵਿੱਚ ਹੈ।
ਅਕਾਲੀ ਦਲ ਵੱਖਰੇ ਮੁੱਦੇ ‘ਤੇ ਚੋਣ ਲੜ ਰਿਹਾ
ਜੇਕਰ ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੱਖੀ ਜਾਵੇ ਤਾਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬੇਹੱਦ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਅਕਾਲੀ ਦਲ ਵੱਖਰੇ ਮੁੱਦੇ ‘ਤੇ ਚੋਣ ਲੜ ਰਿਹਾ ਹੈ, ਜਿਸ ਕਾਰਨ ਪਾਰਟੀ ਮੁਕਾਬਲੇ ‘ਚ ਹੈ। ਜੇਕਰ ਅਕਾਲੀ ਦਲ ਇਹ ਚੋਣ ਜਿੱਤਦਾ ਹੈ ਤਾਂ ਉਨ੍ਹਾਂ ਦੇ ਵਰਕਰਾਂ ਵਿੱਚ ਇੱਕ ਵਾਰ ਫਿਰ ਤੋਂ ਜੋਸ਼ ਆ ਜਾਵੇਗਾ।
ਇਹ ਵੀ ਪੜੋ : ਸੀਐਮ ਹਾਊਸ ‘ਚ ਕਾਂਗਰਸ ਵਿਧਾਇਕਾਂ ਦੀ ਨਾਅਰੇਬਾਜ਼ੀ, ਪੁਲਿਸ ਨੇ ਕੀਤਾ ਗ੍ਰਿਫਤਾਰ
ਸਾਡੇ ਨਾਲ ਜੁੜੋ : Twitter Facebook youtube