ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਦੇ ਆਪਣੇ ਵਾਅਦੇ ‘ਤੇ ਇੱਕ ਕਦਮ ਹੋਰ ਅੱਗੇ ਵਧੀ
ਇੰਡੀਆ ਨਿਊਜ਼, Mansa News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਭ ਤੋਂ ਅਹਿਮ ਰੋਲ ਮੰਨੇ ਜਾਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਰਿਮਾਂਡ ‘ਤੇ ਲਿਆ ਹੈ। ਬੀਤੇ ਦਿਨ ਜਿਵੇਂ ਹੀ ਦਿੱਲੀ ਪੁਲਿਸ ਨੇ 14 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਤਾਂ ਉੱਥੇ ਪਹਿਲਾਂ ਤੋਂ ਹੀ ਬੈਠੀ ਪੰਜਾਬ ਪੁਲਿਸ ਨੇ ਅਦਾਲਤ ਤੋਂ ਉਸਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ।
ਕੁਝ ਬਹਿਸ ਤੋਂ ਬਾਅਦ ਆਖਿਰਕਾਰ ਅਦਾਲਤ ਨੇ ਗੈਂਗਸਟਰ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦੇ ਦਿੱਤੇ। ਜਿਸ ਤੋਂ ਬਾਅਦ ਰਾਤ 8.30 ਵਜੇ ਦੇ ਕਰੀਬ ਪੰਜਾਬ ਪੁਲਿਸ ਦੀ ਟੀਮ ਗੈਂਗਸਟਰ ਨੂੰ ਲੈ ਕੇ ਪੰਜਾਬ ਲਈ ਰਵਾਨਾ ਹੋਈ। ਸਵੇਰੇ ਪੰਜਾਬ ਪਹੁੰਚਣ ‘ਤੇ ਗੈਂਗਸਟਰ ਨੂੰ ਪਹਿਲਾਂ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਰਿਮਾਂਡ ‘ਤੇ ਲੈ ਲਿਆ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਵੇਗੀ।
ਪੰਜਾਬ ਦੇ ਐਡਵੋਕੇਟ ਜਨਰਲ ਨੇ ਖੁਦ ਰਿਮਾਂਡ ਦੀ ਮੰਗ ਕੀਤੀ
ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਖੁਦ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਹੋ ਕੇ ਰਿਮਾਂਡ ਦੀ ਜ਼ੋਰਦਾਰ ਮੰਗ ਕੀਤੀ | ਸਿੱਧੂ ਮੂਸੇਵਾਲਾ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਲਾਰੈਂਸ ਬਿਸ਼ਨੋਈ, ਜਿਸ ਖ਼ਿਲਾਫ਼ ਮਾਨਸਾ ਦੀ ਸਥਾਨਕ ਅਦਾਲਤ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਚੁੱਕੀ ਹੈ, ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਦੀ ਇਜਾਜ਼ਤ ਮੰਗਣ ਵਾਸਤੇ ਅਰਜ਼ੀ ਦਾਖ਼ਲ ਕੀਤੀ ਗਈ ਸੀ ।
29 ਮਈ ਨੂੰ ਹੋਈ ਸੀ ਸਿੱਧੂ ਮੂਸੇਵਾਲਾ ਦੀ ਹੱਤਿਆ
ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ, ਜੋ ਕਿ 29 ਮਈ ਨੂੰ ਸ਼ਾਮ 4.30 ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਸਮੇਂ ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ, ਰੇਕੀ ਕਰਨ ਅਤੇ ਪਨਾਹ ਦੇਣ ਦੇ ਦੋਸ਼ ਹੇਠ ਪਹਿਲਾਂ ਹੀ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ : ਲਰਨਿੰਗ ਲਾਇਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ: ਮਾਨ
ਸਾਡੇ ਨਾਲ ਜੁੜੋ : Twitter Facebook youtube