- ਅਗਨੀਪਥ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦਾ ਐਲਾਨ
- ਪੰਜਾਬ ‘ਚ ਹਾਈ ਅਲਰਟ ਐਲਾਨ ਦਿੱਤਾ ਗਿਆ
ਦਿਨੇਸ਼ ਮੌਦਗਿਲ, Punjab News (Protest Against Agnipath in Punjab Today): ਸਰਕਾਰ ਦੀ ਨਵੀਂ ਫੌਜ ਭਰਤੀ ਯੋਜਨਾ ਅਗਨੀਪਥ ਦੇ ਵਿਰੋਧ ‘ਚ ਅੱਜ ਭਾਰਤ ਬੰਦ ਦੇ ਐਲਾਨ ਦੇ ਮੱਦੇਨਜ਼ਰ ਪੰਜਾਬ ‘ਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਰਾਜ ਵਿੱਚ ਸਥਿਤ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਮਹੱਤਵਪੂਰਨ ਸਰਕਾਰੀ ਦਫਤਰਾਂ ਦੇ ਨਾਲ-ਨਾਲ ਭਰਤੀ ਦਫਤਰਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਏਡੀਜੀਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਫੋਰਸ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੌਜਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਅਗਨੀਪਥ ਸਕੀਮ ਦੇ ਵਿਰੋਧ ‘ਚ ਸ਼ਨੀਵਾਰ ਨੂੰ ਨੌਜਵਾਨਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਭੰਨਤੋੜ ਕੀਤੀ ਅਤੇ ਇਸ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸਖਤੀ ਕੀਤੀ ਗਈ। ਐਤਵਾਰ ਨੂੰ ਰੇਲਵੇ ਸਟੇਸ਼ਨ ਦੇ ਹਰ ਕੋਨੇ ‘ਤੇ ਪੁਲਸ ਤਾਇਨਾਤ ਦਿਖਾਈ ਦਿੱਤੀ। ਮੁੱਖ ਸੜਕ ਦੇ ਨਾਲ ਲੱਗਦੇ ਇੱਕ ਗੇਟ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਇੱਕ ਗੇਟ ‘ਤੇ ਬੈਰੀਕੇਡ ਲਗਾਏ ਗਏ ਹਨ।
ਇਸੇ ਤਰ੍ਹਾਂ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ’ਤੇ ਵੀ ਪੁਲੀਸ ਫੋਰਸ ਤਾਇਨਾਤ ਹੈ ਅਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਨਾਲ-ਨਾਲ ਪਲੇਟਫਾਰਮ ਏਰੀਏ ਦੀ ਹਰ ਥਾਂ ‘ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਏਡੀਜੀਪੀ ਪੰਜਾਬ ਰੇਲਵੇ ਐਮਏਐਫ ਫਾਰੂਕੀ ਨੇ ਵੀ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਹ ਵੀ ਪੜੋ : ਸ੍ਰੀ ਆਨੰਦਪੁਰ ਸਾਹਿਬ ‘ਚ ਵੀ ‘ਅਗਨੀਪਥ’ ਦਾ ਵਿਰੋਧ
ਸਾਡੇ ਨਾਲ ਜੁੜੋ : Twitter Facebook youtube