ਦਿਨੇਸ਼ ਮੌਦਗਿਲ, Ludhiana News (Internation Yoga Day in Punjab): ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ, ਹਲਕਾ ਕੇਂਦਰੀ ਤੋਂ ਅਸ਼ੋਕ ਪਰਾਸ਼ਰ ਪੱਪੀ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ ਵੱਲੋਂ ਅੱਜ ਲੁਧਿਆਣਾ ਦੇ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਰੋਜ਼ਮਰਾ ਜਿੰਦਗੀ ਵਿੱਚ ਯੋਗ ਨੂੰ ਆਪਣਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਹੈ।
ਸਥਾਨਕ ਨਹਿਰੂ ਰੋਜ਼ ਗਾਰਡਨ ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਯੁਗਾਂ ਤੋਂ ਯੋਗ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਜੀਵਨ ਦੀ ਪਰੰਪਰਾ ਰਹੀ ਹੈ।
ਮਨੁੱਖ ਨੂੰ ਰੋਗ ਮੁਕਤ ਬਣਾਉਣ ਵਿੱਚ ਸਹਾਈ
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਤਣਾਅਪੂਰਨ ਜੀਵਨ ਵਿੱਚ ਵੱਖ-ਵੱਖ ਬਿਮਾਰੀਆਂ ਮਨੁੱਖੀ ਜੀਵਨ ਲਈ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ ਤਾਂ ਯੋਗ ਮਨੁੱਖ ਨੂੰ ਰੋਗ ਮੁਕਤ ਅਤੇ ਸਿਹਤਮੰਦ ਬਣਾਉਣ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਪ੍ਰੇਰਿਆ ਕਿ ਉਹ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ।
ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਗਈ
ਇਸ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਖੇ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਨਸ਼ਿਆਂ ਦੇ ਕੋਹੜ ਤੋਂ ਪਾਸਾ ਵੱਟਣ ਦੇ ਸੁਨੇਹੇ ਵਾਲੇ ਗੁਬਾਰੇ ਛੱਡ ਕੇ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਗਈ। ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਇਸ ਮੁਹਿੰਮ ਨੂੰ 300 ਪਿੰਡਾਂ ਤੱਕ ਅੱਗੇ ਵਧਾਇਆ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਬ੍ਰਹਮਾ ਕੁਮਾਰੀ ਸੰਸਥਾ ਦੇ ਜ਼ਿਲ੍ਹਾ ਇੰਚਾਰਜ ਬੀਕੇ ਭੈਣ ਸਰਸਵਤੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਹਰ ਹਫ਼ਤੇ ਚਾਰ ਰੋਜ਼ਾ ਪ੍ਰੋਗਰਾਮ ਕਰਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
ਸਮਾਗਮ ਦੌਰਾਨ ਮੁੱਖ ਬੁਲਾਰੇ ਸਾਈਕੋਥੈਰੇਪਿਸਟ, ਅੰਤਰਰਾਸ਼ਟਰੀ ਟ੍ਰੇਨਰ ਡਾ. ਗਿਰੀਸ਼ ਡੀ. ਪਟੇਲ ਨੇ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਸਾਂਝੇ ਕੀਤੇ ਜਦਕਿ ਇੰਡੀਆਜ਼ ਗੌਟ ਟੈਲੈਂਟ ਪ੍ਰਤੀਯੋਗੀ ਜੇਪੀ ਡਾਂਸ ਅਕੈਡਮੀ ਨੇ ਨਸ਼ਾ ਇੱਕ ਸਜਾ ਹੈ ਗੀਤ ਪੇਸ਼ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਮੁਕਤੀ ਗਿੱਲ ਅਤੇ ਹੋਰ ਵੀ ਹਾਜ਼ਰ ਸਨ।
ਸਮਾਗਮ ਵਿੱਚ ਇਨ੍ਹਾਂ ਦਾ ਰਿਹਾ ਸਹਿਯੋਗ
ਇਹ ਸਮਾਗਮ ਬ੍ਰਹਮਾ ਕੁਮਾਰੀ, ਪਤੰਜਲੀ ਯੋਗ ਸਮਿਤੀ, ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ,, ਐਵਰੈਸਟ ਇੰਸਟੀਚਿਊਟ ਆਫ ਯੋਗ, ਪੰਜਾਬ ਯੋਗਾਸਨਾ ਸਪੋਰਟਸ ਐਸੋਸੀਏਸ਼ਨ, ਪੀਕਿੳ ਐਮਐਸ ਯੋਗ ਸਰਟੀਫਿਕੇਸ਼ਨ ਬਾਡੀ, ਅਮੋਲ ਲੇਡੀਜ਼ ਕਲੱਬ, ਨਹਿਰੂ ਯੁਵਾ ਕੇਂਦਰ, ਯੋਗਾ ਸੋਸਾਇਟੀ ਆਫ਼ ਪੰਜਾਬ, ਐਸ.ਬੀ.ਐਸ. ਸਿਨੇਟਿਕ ਕਾਲਜ, ਸ਼ਕਤੀ ਨਗਰ ਯੋਗ ਸਮਿਤੀ ਅਤੇ ਹੋਰ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ।
ਨਹਿਰੂ ਰੋਜ਼ ਗਾਰਡਨ ਵਿਖੇ ਸਮਾਗਮ ਕਰਵਾਇਆ ਗਿਆ
ਨਹਿਰੂ ਰੋਜ਼ ਗਾਰਡਨ ਵਿਖੇ ਆਤਮਾ ਚੈਨਲ ਅਤੇ ਆਰਟ ਆਫ਼ ਲਿਵਿੰਗ ਅਤੇ ਗੈਰ ਸਰਕਾਰੀ ਸੰਗਠਨ ਸਿਟੀ ਨੀਡਜ਼ ਵੱਲੋਂ ਇੱਕ ਹੋਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਅੱਜ ਦੇ ਸੁ਼ਭ ਦਿਹਾੜੇ ਮੌਕੇ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਏ।
ਇਹ ਵੀ ਪੜੋ : ਸੰਗਰੂਰ ਲੋਕ ਸਭਾ ਉਪ ਚੋਣ ਦਾ ਪ੍ਰਚਾਰ ਅੱਜ ਸ਼ਾਮ ਰੁਕ ਜਾਵੇਗਾ
ਇਹ ਵੀ ਪੜੋ : ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਜੇਲ੍ਹ ‘ਚ ਰਹਿਣਾ ਪਵੇਗਾ
ਸਾਡੇ ਨਾਲ ਜੁੜੋ : Twitter Facebook youtube