ਦਿਨੇਸ਼ ਮੌਦਗਿਲ, Punjab News (New DGP Punjab) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3 ਮਹੀਨੇ ਹੋ ਗਏ ਹਨ ਅਤੇ ਸ਼ੁਰੂ ਤੋਂ ਹੀ ਇਹ ਸਰਕਾਰ ਅਮਨ-ਕਾਨੂੰਨ ਦੇ ਮੁੱਦੇ ਵਿੱਚ ਘਿਰੀ ਹੋਈ ਹੈ। ਵਿਰੋਧੀ ਪਾਰਟੀਆਂ ਵੀ ਅਮਨ-ਕਾਨੂੰਨ ਦੇ ਮੁੱਦੇ ‘ਤੇ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਹੁਣ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਦੇ ਮੌਜੂਦਾ ਡੀਜੀਪੀ ਵੀਕੇ ਭਾਵਰਾ 2 ਮਹੀਨਿਆਂ ਦੀ ਛੁੱਟੀ ‘ਤੇ ਜਾ ਰਹੇ ਹਨ। ਇਸ ਕਾਰਨ ਪੰਜਾਬ ਸਰਕਾਰ ਨੂੰ ਨਵਾਂ ਡੀਜੀਪੀ ਨਿਯੁਕਤ ਕਰਨਾ ਪਵੇਗਾ।
ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦੇ ਨਾਂ ਦੀ ਚਰਚਾ
ਇਸ ਦੇ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦੇ ਨਾਂ ਪ੍ਰਮੁੱਖ ਤੌਰ ‘ਤੇ ਚੱਲ ਰਹੇ ਹਨ। ਜੇਕਰ ਬੀਕੇ ਬਾਵਰਾ ਨੂੰ ਹਟਾਇਆ ਜਾਂਦਾ ਹੈ ਤਾਂ ਸਰਕਾਰ ਨੂੰ ਤੁਰੰਤ ਨਵਾਂ ਡੀਜੀਪੀ ਨਿਯੁਕਤ ਕਰਨਾ ਹੋਵੇਗਾ। ਪਰ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਪੰਜਾਬ ਨੂੰ ਇੱਕ ਸਖ਼ਤ ਡੀਜੀਪੀ ਦੀ ਲੋੜ ਹੈ, ਜੋ ਅਮਨ-ਕਾਨੂੰਨ ਨੂੰ ਕਾਇਮ ਰੱਖ ਸਕੇ, ਕਿਉਂਕਿ ਅਮਨ-ਕਾਨੂੰਨ ਕਾਰਨ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਬਰੇਕਾਂ ਲੱਗ ਗਈਆਂ ਹਨ ਅਤੇ ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਪਾਰਟੀ ਦੀ ਹਾਰ ਇਸ ਦੀ ਮਿਸਾਲ ਹੈ।
ਸਰਕਾਰ ਬਣਨ ਤੋਂ ਬਾਅਦ ਕਈਂ ਵਡੀਆਂ ਵਾਰਦਾਤਾਂ ਵਾਪਰੀਆਂ
ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਪਟਿਆਲਾ ਹਿੰਸਾ, ਮੋਹਾਲੀ ‘ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਅਤੇ ਉਸ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਭਾਰੀ ਆਲੋਚਨਾ ਹੋਈ ਹੈ। ਵਿਧਾਨ ਸਭਾ ਚੋਣਾਂ ‘ਚ ਜਿੱਥੇ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾਈ, ਉਥੇ ਤਿੰਨ ਮਹੀਨੇ ਬਾਅਦ ਹੀ ਪਾਰਟੀ ਨੂੰ ਸੰਗਰੂਰ ਲੋਕਸਭਾ ਉਪ ਚੋਣ ਵਿੱਚ ਹਾਰ ਦਾ ਸਾਮਣਾ ਕਰਨਾ ਪਿਆ ਜੋ ਇਸ ਦਾ ਗੜ ਮੰਨਿਆ ਜਾਂਦਾ ਸੀ।
ਆਮ ਲੋਕਾਂ ਵਿਚ ਵੀ ਡਰ ਦਾ ਮਾਹੌਲ
ਅਮਨ-ਕਾਨੂੰਨ ਨੂੰ ਲੈ ਕੇ ਆਮ ਲੋਕਾਂ ਵਿਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਵਪਾਰੀਆਂ ਦਾ ਮੰਨਣਾ ਹੈ ਕਿ ਵਪਾਰੀ ਚਿੰਤਤ ਹਨ, ਕਿਉਂਕਿ ਗੈਂਗਵਾਰ ਦੀਆਂ ਘਟਨਾਵਾਂ ਕਾਰਨ ਪੰਜਾਬ ਦਾ ਕਾਰੋਬਾਰ ਵੀ ਡੂੰਘਾ ਪ੍ਰਭਾਵਿਤ ਹੋ ਰਿਹਾ ਹੈ। ਜਿੱਥੇ ਇੱਕੋ ਬੰਦੂਕ ਦੀ ਨੋਕ ‘ਤੇ ਗੈਂਗਸਟਰਾਂ ਦੇ ਨਾਮ ‘ਤੇ ਵਪਾਰੀਆਂ ਤੋਂ ਲੁੱਟ, ਕਤਲ, ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਕਾਰਨ ਵਪਾਰੀ ਡਰੇ ਹੋਏ ਹਨ, ਉੱਥੇ ਹੀ ਅੱਜ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਸਖ਼ਤ ਡੀਜੀਪੀ ਲਗਾਇਆ ਜਾਵੇ ਜੋ ਪੰਜਾਬ ਦੇ ਲੋਕਾਂ ਵਿੱਚ ਸੁਰੱਖਿਆ ਦਾ ਮਾਹੌਲ ਪੈਦਾ ਕਰ ਸਕੇ।
ਇਹ ਵੀ ਪੜ੍ਹੋ: 16 ਕਿਲੋ ਹੈਰੋਇਨ ਬਰਾਮਦ, 4 ਤਸਕਰ ਗਿਰਫ਼ਤਾਰ
ਸਾਡੇ ਨਾਲ ਜੁੜੋ : Twitter Facebook youtube