ਵਿਜੀਲੈਂਸ ਬਿਊਰੋ ਨੇ ਪੰਚਾਇਤ ਸਕੱਤਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

0
187
Vigilance Bureau, Panchayat Secretary, Controlling taking bribes
Vigilance Bureau, Panchayat Secretary, Controlling taking bribes
  • ਦੋਸ਼ੀ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ
ਇੰਡੀਆ ਨਿਊਜ਼ PUNJAB NEWS:  ਪੰਜਾਬ ਵਿਜੀਲੈਂਸ ਬਿਊਰੋ ਨੇ ਸਮਾਜ ਵਿਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਅੱਜ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਨਿਲ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਿਊਰੋ ਨੇ ਸੂਬੇ ਦੇ ਸਰਕਾਰੀ ਦਫਤਰਾਂ ਅਤੇ ਆਮ ਜਨ ਜੀਵਨ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਵਿੱਢੀ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਬਲਾਕ ਤਲਵਾੜਾ ਦੇ ਪਿੰਡ ਚੰਗਰਵਾਂ ਦੀ ਸਰਪੰਚ ਅਤੇ ਸ਼ਿਕਾਇਤਕਰਤਾ ਸੁਸ਼ਮਾ ਦੇਵੀ ਦੀ ਸ਼ਿਕਾਇਤ ’ਤੇ ਬੀ.ਡੀ.ਪੀ.ਓ ਦਫਤਰ ਤਲਵਾੜਾ, ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਚੰਗਰਵਾਂ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਨਿਲ ਕੁਮਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ।
ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਓਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਕਥਿਤ ਦੋਸ਼ੀ ਪੰਚਾਇਤ ਸਕੱਤਰ ਅਨਿਲ ਕੁਮਾਰ ਗ੍ਰਾਮ ਪੰਚਾਇਤ ਫੰਡਾਂ ਦੇ ਆਡਿਟ ਦੇ ਨਾਂ ‘ਤੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਜਿਸ ਦਾ ਨਿਪਟਾਰਾ ਆਡਿਟ ਟੀਮ ਵਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਉਕਤ ਦੋਸ਼ੀ ਪੰਚਾਇਤ ਨੂੰ ਇਹ ਕਹਿ ਕੇ ਧਮਕਾ ਰਿਹਾ ਸੀ ਕਿ ਜੇ ਰਿਸ਼ਵਤ ਦੀ ਰਕਮ ਨਾ ਦਿੱਤੀ ਗਈ ਤਾਂ ਆਡੀਟਰਾਂ ਵੱਲੋਂ ਫੰਡਾਂ ਦੀ ਵਰਤੋਂ ਸਬੰਧੀ ਦੋਸ਼ਪੂਰਨ ਅਤੇ ਗਲ਼ਤ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।

ਬਿਊਰੋ ਨੇ ਸੂਬੇ ਦੇ ਸਰਕਾਰੀ ਦਫਤਰਾਂ ਅਤੇ ਆਮ ਜਨ ਜੀਵਨ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਵਿੱਢੀ

ਤੱਥਾਂ ਦੀ ਘੋਖ ਪੜਤਾਲ ਤੋਂ ਬਾਅਦ ਵਿਜੀਲੈਂਸ ਟੀਮ ਹਰਕਤ ਵਿੱਚ ਆਈ ਅਤੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਤੇ ਉਸ ਕੋਲੋਂ ਰਿਸ਼ਵਤ ਦੇ ਪੈਸੇ ਵੀ ਮੌਕੇ ਤੇ ਹੀ ਬਰਾਮਦ ਕੀਤੇ ਗਏ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਐਫ.ਆਈ.ਆਰ ਨੰਬਰ 10, ਮਿਤੀ 01-07-2022 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।
SHARE