ਦਿਨੇਸ਼ ਮੌਦਗਿਲ, Ludhiana News : ਲੁਧਿਆਣਾ ਸ਼ਹਿਰ ਵਿੱਚ ਬਾਲ ਮਜ਼ਦੂਰੀ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਅਤੇ ਸਹਾਇਕ ਕਮਿਸ਼ਨਰ ਜਸਲੀਨ ਭੁੱਲਰ ਨੂੰ ‘ਮੁਸਕੁਰਾਤਾ ਬਚਪਨ’ ਪ੍ਰੋਜੈਕਟ ਤਹਿਤ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੰਤਵ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਅਤੇ ਜਬਰੀ ਮਜ਼ਦੂਰੀ ਦੇ ਸ਼ਿਕਾਰ ਬੱਚਿਆਂ ਦੀਆਂ ਬੁਨਿਆਦੀ ਲੋੜਾਂ ਅਤੇ ਅਧਿਕਾਰਾਂ ਦੀ ਰਾਖੀ ਕਰਨਾ ਹੈ। ਇਹ ਪ੍ਰੋਜੈਕਟ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਦੇ ਰੈਸਕਿਊ ਤੋਂ ਪਹਿਲਾਂ, ਰੈਸਕਿਊ ਅਤੇ ਰੈਸਕਿਊ ਤੋਂ ਬਾਅਦ ਦੀ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਉਂਦਾ ਹੈ।
ਪ੍ਰੋਜੈਕਟ ਦਾ ਉਦੇਸ਼ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨਾ
ਉਨ੍ਹਾਂ ਅੱਗੇ ਕਿਹਾ ਕਿ ਪ੍ਰੋਜੈਕਟ ਦਾ ਉਦੇਸ਼ ਵੱਖ-ਵੱਖ ਭਾਗੀਦਾਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਾਲ ਮਜ਼ਦੂਰੀ ਦੀ ਰੋਕਥਾਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਾਲ ਮਜ਼ਦੂਰੀ ਮਾਮਲਿਆਂ ਦੇ ਸ਼ਿਕਾਰ ਬੱਚਿਆਂ ਦੀ ਜਾਂਚ ਅਤੇ ਪੁਨਰਵਾਸ ਲਈ ਨਿਰਧਾਰਤ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਸਹਾਈ ਹੋਵੇਗਾ ਅਤੇ ਉਨ੍ਹਾਂ ਦੇ ਸਮਾਜਿਕ, ਵਿੱਦਿਅਕ ਅਤੇ ਆਰਥਿਕ ਪੁਨਰਵਾਸ ਨੂੰ ਵੀ ਯਕੀਨੀ ਬਣਾਏਗਾ।
ਨੋਡਲ ਅਫ਼ਸਰਾਂ ਨੂੰ ਸੁਚਾਰੂ ਭੁਮਿਕਾ ਨਿਭਾਉਣ ਲਈ ਕਿਹਾ
ਡਿਪਟੀ ਕਮਿਸ਼ਨਰ ਵੱਲੋਂ ਦੋਵਾਂ ਨੋਡਲ ਅਫ਼ਸਰਾਂ ਨੂੰ ਇਸ ਪ੍ਰੋਜੈਕਟ ਤਹਿਤ ਆਪਣੀ ਸੁਚਾਰੂ ਭੁਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਸਮਾਜ ਵਿੱਚੋਂ ਬਾਲ ਮਜ਼ਦੂਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਲ ਮਜ਼ਦੂਰੀ ਬੱਚਿਆਂ ਨੂੰ ਸਕੂਲ ਜਾਣ ਦੇ ਅਧਿਕਾਰ ਤੋਂ ਵਾਂਝਾ ਰੱਖਦੀ ਹੈ ਅਤੇ ਗਰੀਬੀ ਦੇ ਅੰਤਰ-ਪੀੜ੍ਹੀ ਚੱਕਰ ਨੂੰ ਵੀ ਵਧਾਉਂਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਖਾਸ ਕਰਕੇ ਬੱਚਿਆਂ ਨਾਲ ਜੁੜੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਰਾਹੀਂ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਕੀ ਅਕਾਲੀ ਦਲ ਬਾਦਲ ਤੇ ਬੀਜੇਪੀ ‘ਚ ਮੁੜ ਹੋਵੇਗਾ ਗਠਜੋੜ?
ਇਹ ਵੀ ਪੜ੍ਹੋ: 16 ਕਿਲੋ ਹੈਰੋਇਨ ਬਰਾਮਦ, 4 ਤਸਕਰ ਗਿਰਫ਼ਤਾਰ
ਸਾਡੇ ਨਾਲ ਜੁੜੋ : Twitter Facebook youtube