ਦਿਨੇਸ਼ ਮੌਦਗਿਲ, Ludhiana News (Constitution Literacy Workshop in Ludhiana) : ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਰਾਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਨੀਸੈੱਫ ਅਤੇ ਕਮਿਊਨਿਟੀ ਯੂਥ ਕਲੈਕਟਿਵ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੈਕਬ ਆਡੀਟੋਰੀਅਮ ਵਿਖੇ ਦੋ ਰੋਜ਼ਾ ਸੰਵਿਧਾਨਕ ਜਾਗਰੂਕਤਾ ਵਰਕਸ਼ਾਪ ਸ਼ੁਰੂ ਹੋਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਭਾਗ ਲੈ ਰਹੇ ਹਨ। ਉਦਘਾਟਨੀ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੁਹਿਮਾਨ ਵਿਧਾਇਕ ਬਾਘਾ ਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸੰਵਿਧਾਨਕ ਜਾਗਰੂਕਤਾ ਹਰੇਕ ਨਾਗਰਿਕ ਦੀ ਅਹਿਮ ਜ਼ਰੂਰਤ ਹੈ।
ਨੌਜਵਾਨਾਂ ਨੂੰ ਕੀਤੀ ਅਪੀਲ
ਨੌਜਵਾਨ ਆਗੂ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰ ਵਿੱਚ ਤਰਜੀਹੀ ਆਧਾਰ ਤੇ ਆਮ ਲੋਕਾਂ ਤੱਕ ਅਜਿਹਾ ਸੰਦੇਸ਼ ਪਹੁੰਚਾਉਣ ਤਾਂ ਜੋ ਸਮਾਜ ਦੇ ਵਿਰਵੇ ਵਰਗਾਂ ਨੂੰ ਵੀ ਸਾਖਰ ਕੀਤਾ ਜਾ ਸਕੇ। ਇਸ ਮੌਕੇ ਡਾ. ਮਲਕੀਤ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਲੁਧਿਆਣਾ ਨੇ ਇਸ ਦੋ ਰੋਜ਼ਾ ਪ੍ਰੋਗਰਾਮ ਦੇ ਏਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਨੌਜਵਾਨ ਸੰਵਿਧਾਨਕ ਸਾਖਰਤਾ ਲਈ ਆਪੋ ਆਪਣੇ ਖੇਤਰਾਂ ਵਿੱਚ ਹੋਰ ਲੋਕਾਂ ਨੂੰ ਵੀ ਵੱਖ ਵੱਖ ਤਰੀਕਿਆਂ ਜਿਸ ਵਿੱਚ ਨੁੱਕੜ ਨਾਟਕ, ਆਮ ਸਭਾਵਾਂ, ਵਾਦ ਵਿਵਾਦ ਆਦਿ ਸ਼ਾਮਲ ਹਨ, ਰਾਹੀਂ ਜਾਗਰੂਕ ਕਰਨਗੇ।
ਇਸ ਤਰਾਂ ਹੋਵੇਗੀ ਟੀਚਿਆਂ ਦੀ ਪ੍ਰਾਪਤੀ
ਯੂਨੀਸੈੱਫ ਦੇ ਪ੍ਰਤੀਨਿਧ ਤ੍ਰਿਪਤ ਕੌਰ ਅਤੇ ਗਵਰਨੈਂਸ ਫੈਲੋ, ਪੰਜਾਬ ਸਰਕਾਰ ਸ਼ਿਪਰਾ ਨੇ ਇਸ ਵਰਕਸ਼ਾਪ ਦੇ ਵੱਖ ਵੱਖ ਸ਼ੈਸ਼ਨਾਂ ਬਾਬਤ ਦੱਸਿਆ ਕਿ ਆਡੀਓ ਵਿਜ਼ੂਅਲ ਸਾਧਨਾਂ, ਗਰੁੱਪ ਡਿਸਕਸ਼ਨ, ਮੌਕ ਸ਼ੈਸ਼ਨਾਂ, ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੇ ਲੈਕਚਰਾਂ ਰਾਹੀਂ ਇਨ੍ਹਾਂ ਭਾਗੀਦਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਉਪਰੰਤ ਸਮੂਹ ਭਾਗੀਦਾਰ ਅੱਗੇ 30 ਲੋਕਾਂ ਨੂੰ ਟ੍ਰੇਨਿੰਗ ਦੇਣਗੇ ਜਿਸ ਅਨੁਸਾਰ ਟੀਚਿਆਂ ਦੀ ਪ੍ਰਾਪਤੀ ਕੀਤੀ ਜਾ ਸਕੇਗੀ।
ਇਸ ਮੌਕੇ ਕਮਿਊਨਿਟੀ ਯੂਥ ਕਲੈਕਟਿਵ ਦੇ ਮਾਹਿਰਾਂ ਆਰੀਬਾ ਅਤੇ ਹੋਰਨਾਂ ਨੇ ਇਸ ਪ੍ਰੋਗਰਾਮ ਦੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਚੱਲ ਰਹੀ ਪ੍ਰਗਤੀ ਬਾਰੇ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਜਲੰਧਰ, ਅਰੁਣ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਕਰਨਵੀਰ ਸਿੰਘ, ਜਸਵਿੰਦਰ ਕੌਰ, ਤਰਨਜੀਤ ਕੌਰ, ਸੁਰਿੰਦਰ ਕੁਮਾਰ ਹਾਜ਼ਰ ਸਨ।
ਇਹ ਵੀ ਪੜੋ : ਉਤਰਾਖੰਡ ‘ਚ ਪੰਜਾਬ ਦੇ ਸੈਲਾਨੀਆਂ ਨਾਲ ਹਾਦਸਾ, 9 ਦੀ ਮੌਤ
ਸਾਡੇ ਨਾਲ ਜੁੜੋ : Twitter Facebook youtube