- ਮੁੱਖਮੰਤਰੀ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਕੱਲ ਲਿਆ ਸੀ ਫੈਸਲਾ, ਕਿਸਾਨ ਅੱਜ ਨਹੀਂ ਕਰਣਗੇ ਰਾਜਮਾਰਗ ਜਾਮ
ਇੰਡੀਆ ਨਿਊਜ਼, ਚੰਡੀਗੜ (Farmer unions call off Protest) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਸਾਨ ਯੂਨੀਅਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ l ਜਿਸ ਤੋਂ ਬਾਅਦ ਕਿਸਾਨ ਆਗੂ 3 ਅਗਸਤ (ਅੱਜ) ਪ੍ਰਸਤਾਵਿਤ ਅੰਦੋਲਨ ਖਤਮ ਕਰਨ ਲਈ ਰਾਜੀ ਹੋ ਗਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, “ਮੈਂ ਕਿਸਾਨਾਂ ਦੀ ਭਲਾਈ ਲਈ ਪੂਰਨ ਤੌਰ ਤੇ ਵਚਨਬੱਧ ਹਾਂ ਅਤੇ ਮੇਰੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਧਰਨੇ-ਮੁਜਾਹਰੇ ਨਹੀਂ ਕਰਨੇ ਪੈਣਗੇ।”
ਪੰਜਾਬ ਭਵਨ ਵਿੱਚ 4 ਘੰਟੇ ਚੱਲੀ ਬੈਠਕ
ਇੱਥੇ ਪੰਜਾਬ ਭਵਨ ਵਿਖੇ ਕਿਸਾਨ ਯੂਨੀਅਨ ਨਾਲ ਲੰਮੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ਼ੂਗਰਫੈੱਡ ਵੱਲੋਂ ਗੰਨਾ ਕਿਸਾਨਾਂ ਦਾ 195.60 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ ਅਤੇ ਇਸ ਵਿੱਚੋਂ 100 ਕਰੋੜ ਰੁਪਏ ਇਸ ਸਾਲ 15 ਅਗਸਤ ਤੱਕ ਜਦਕਿ ਬਾਕੀ 95.60 ਕਰੋੜ ਰੁਪਏ ਆਉਂਦੇ 7 ਸਤੰਬਰ ਤੱਕ ਅਦਾ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਦੇ ਸਾਰੇ ਬਕਾਏ 7 ਸਤੰਬਰ ਤੱਕ ਅਦਾ ਕਰ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਫਗਵਾੜਾ ਸ਼ੂਗਰ ਮਿੱਲ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਬਕਾਏ 7 ਸਤੰਬਰ ਤੱਕ ਅਦਾ ਕਰ ਦੇਣਗੇ।
ਸਰਕਾਰ ਢੁਕਵੀਂ ਕਾਰਜ ਯੋਜਨਾ ਤਿਆਰ ਕਰ ਰਹੀ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਢੁਕਵੀਂ ਕਾਰਜ ਯੋਜਨਾ ਤਿਆਰ ਕਰ ਰਹੀ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਦਾ ਤਿਆਗ ਕਰਨ ਦੇ ਬਦਲੇ ਵਿੱਤੀ ਸਹਾਇਤਾ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਪੜਤਾਲ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਪ੍ਰਕਿਰਿਆ ਦੇ ਮੁਕੰਮਲ ਹੁੰਦੇ ਹੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਲਈ ਐਲਾਨੀ ਵਿੱਤੀ ਸਹਾਇਤਾ ਅਦਾ ਕਰ ਦਿੱਤੀ ਜਾਵੇਗੀ। ਇਕ ਹੋਰ ਮੰਗ ‘ਤੇ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੋਵਿਡ ਅਤੇ ਹੋਰ ਸਮੇਂ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੀਆਂ ਸਾਰੀਆਂ ਐਫਆਈਆਰਜ ਨੂੰ ਰੱਦ ਕਰਨ ਦਾ ਰਾਹ ਤਲਾਸ਼ੇਗੀ ਅਤੇ ਕਿਸਾਨ ਅੰਦੋਲਨ ਦੌਰਾਨ ਰੇਲਵੇ ਪੁਲਿਸ ਫੋਰਸ ਦੁਆਰਾ ਦਰਜ ਕੀਤੇ ਗਏ ਕੇਸਾਂ ਬਾਰੇ ਉਹ ਭਾਰਤ ਸਰਕਾਰ ਕੋਲ ਮਾਮਲਾ ਉਠਾਉਣਗੇ।
ਇਹ ਵੀ ਪੜ੍ਹੋ: ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’
ਸਾਡੇ ਨਾਲ ਜੁੜੋ : Twitter Facebook youtube