ਮੁੱਖ ਮੰਤਰੀ ਨੇ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ
ਸੰਗਰੂਰ ਦਾ ਮੌਜੂਦਾ ਸਿਵਲ ਹਸਪਤਾਲ 220 ਬਿਸਤਰਿਆਂ ਤੋਂ 360 ਬਿਸਤਰਿਆਂ ਤੱਕ ਹੋਵੇਗਾ ਅਪਗ੍ਰੇਡ
ਇੰਡੀਆ ਨਿਊਜ਼, ਸੰਗਰੂਰ (Medical fesilities in Punjab) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਇੱਥੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ। 25 ਏਕੜ ਵਿੱਚ ਬਣਨ ਵਾਲੇ ਇਸ ਇੰਸਟੀਚਿਊਟ ਉਤੇ ਤਕਰੀਬਨ 345 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਲੋਕਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੀ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਸਥਾ ਇਸ ਦਿਸ਼ਾ ਵਿੱਚ ਵਧਾਇਆ ਗਿਆ ਇਕ ਕਦਮ ਹੈ।
ਉਨ੍ਹਾਂ ਕਿਹਾ ਕਿ ਇਹ ਮਹਾਨ ਧਾਰਮਿਕ ਆਗੂ ਸੰਤ ਅਤਰ ਸਿੰਘ, ਜਿਨ੍ਹਾਂ ਲੋਕਾਂ ਵਿਚਾਲੇ ਫਿਰਕੂ ਸਦਭਾਵਨਾ, ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਇਆ, ਨੂੰ ਸੱਚੀ ਤੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਭਗਵੰਤ ਮਾਨ ਨੇ ਇਸ ਸਮੁੱਚੇ ਖਿੱਤੇ ਵਿੱਚ ਸੰਤ ਅਤਰ ਸਿੰਘ ਵੱਲੋਂ ਸਿੱਖਿਆ ਦਾ ਚਾਨਣ ਫੈਲਾਉਣ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ।
ਮੁੱਖ ਮੰਤਰੀ ਨੇ ਇਹ ਘੋਸ਼ਣਾਵਾਂ ਵੀ ਕੀਤੀਆਂ
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਮੈਡੀਕਲ ਕਾਲਜ ਨਾਲ ਸੰਗਰੂਰ ਇਸ ਸਮੁੱਚੇ ਖਿੱਤੇ ਵਿੱਚ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਉੱਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਅਕਾਦਮਿਕ ਬਲਾਕ ਤੋਂ ਇਲਾਵਾ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗ੍ਰੇਡ ਕਰ ਕੇ 360 ਬਿਸਤਰਿਆਂ ਵਾਲਾ ਕਰਨ, ਨਰਸਿੰਗ ਸਕੂਲ ਦਾ ਨਿਰਮਾਣ, ਸੀਨੀਅਰ/ਜੂਨੀਅਰ ਕੁੜੀਆਂ ਤੇ ਮੁੰਡਿਆਂ ਦੇ ਵੱਖਰੇ ਹੋਸਟਲ, ਵਿਦਿਆਰਥੀਆਂ ਲਈ ਖੇਡ ਟਰੈਕ ਤੇ ਪਵੀਲੀਅਨ, ਸਹਾਇਕ ਗਤੀਵਿਧੀਆਂ ਲਈ ਓਪਨ ਏਅਰ ਥੀਏਟਰ, ਸਟਾਫ਼ ਲਈ ਰਿਹਾਇਸ਼ ਤੇ ਸ਼ਾਪਿੰਗ ਕੰਪਲੈਕਸ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਸਟੇਟ ਇੰਸਟੀਚਿਊਟ ਤੇ ਮੈਡੀਕਲ ਸਾਇੰਸਜ਼ ਨੂੰ ਆਉਂਦੇ ਕੌਮੀ ਸ਼ਾਹਰਾਹ ਨੰਬਰ 07 ਨੂੰ ਵੀ 5.50 ਮੀਟਰ ਤੋਂ 7.00 ਮੀਟਰ ਤੱਕ ਚੌੜਾ ਕਰਨਾ ਅਤੇ ਇੰਸਟੀਚਿਊਟ ਦੇ ਸਾਹਮਣੇ ਵਾਲੀ ਸੜਕ ਨੂੰ ਚਹੁੰ-ਮਾਰਗੀ ਕਰਨਾ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ।
ਮਾਲਵਾ ਖਿੱਤੇ ਵਿੱਚ ਅਹਿਮ ਭੂਮਿਕਾ ਨਿਭਾਏਗਾ
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਮੈਡੀਕਲ ਇੰਸਟੀਚਿਊਟ ਪੰਜਾਬ ਖ਼ਾਸ ਤੌਰ ਉਤੇ ਮਾਲਵਾ ਖਿੱਤੇ ਵਿੱਚ ਮਿਆਰੀ ਸਿਹਤ ਸੇਵਾਵਾਂ ਤੇ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਵੱਕਾਰੀ ਪ੍ਰਾਜੈਕਟ ਦਾ ਕੰਮ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਕੰਮ 31 ਮਾਰਚ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਗਲਾ ਅਕਾਦਮਿਕ ਸੈਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋਵੇਗਾ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਅਤਿ-ਆਧੁਨਿਕ ਮੈਡੀਕਲ ਇੰਸਟੀਚਿਊਟ ਦੇ ਨਿਰਮਾਣ ਦੌਰਾਨ ਉੱਚ ਮਿਆਰ ਦੇ ਸਾਰੇ ਮਾਪਦੰਡ ਪੂਰੇ ਕੀਤੇ ਜਾਣ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਲਾਲ ਚੰਦ ਕਟਾਰੂਚੱਕ, ਵਿਧਾਇਕਾਂ ਵਿੱਚ ਨਰਿੰਦਰ ਕੌਰ ਭਰਾਜ, ਬਰਿੰਦਰ ਗੋਇਲ, ਜਸਵੰਤ ਸਿੰਘ ਗੱਜਣਮਾਜਰਾ, ਜਮੀਲ-ਉਰ-ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਡਾ. ਬਲਬੀਰ ਸਿੰਘ, ਲਾਭ ਸਿੰਘ ਉੱਗੋਕੇ ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: ਕੁਰੂਕਸ਼ੇਤਰ ਨੇੜਿਓਂ ਬਰਾਮਦ ਆਰਡੀਐਕਸ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ
ਸਾਡੇ ਨਾਲ ਜੁੜੋ : Twitter Facebook youtube