- ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਲੰਪੀ ਸਕਿਨ ਰੋਗ ਤੋਂ ਬਚਾਅ ਲਈ 76 ਲੱਖ ਰੁਪਏ ਜਾਰੀ ਕਰਨ ਵਾਸਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ
- ਪਸ਼ੂ ਪਾਲਕਾਂ ਨੂੰ ਰੋਗ ਫੈਲਾਉਣ ਦਾ ਕਾਰਨ ਬਣ ਰਹੇ ਮੱਖੀ/ਮੱਛਰਾਂ ਤੋਂ ਪਸ਼ੂਆਂ ਨੂੰ ਬਚਾ ਕੇ ਰੱਖਣ ਦੀ ਅਪੀਲ
ਚੰਡੀਗੜ੍ਹ, PUNJAB NEWS: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਲੰਪੀ ਸਕਿਨ ਰੋਗ ਤੋਂ ਪਸ਼ੂਆਂ ਨੂੰ ਬਚਾਉਣ ਲਈ ਫੌਰੀ ਤੌਰ ’ਤੇ 76 ਲੱਖ ਰੁਪਏ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਹੈ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜਿਵੇਂ ਪਿਛਲੇ ਕੁਝ ਦਿਨਾਂ ਵਿੱਚ ਇਹ ਵਾਇਰਸ ਗਊ ਵੰਸ਼ ਲਈ ਘਾਤਕ ਸਿੱਧ ਹੋਇਆ ਹੈ, ਉਸ ਲਿਹਾਜ਼ ਨਾਲ ਇਸ ਦੀ ਰੋਕਥਾਮ ਕਰਨਾ ਅਤੇ ਕਾਰਨਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਸੀ, ਜਿਸ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ।
ਕੁਝ ਦਿਨਾਂ ਵਿੱਚ ਇਹ ਵਾਇਰਸ ਗਊ ਵੰਸ਼ ਲਈ ਘਾਤਕ ਸਿੱਧ ਹੋਇਆ
ਬੀਮਾਰੀ ਦੀ ਰੋਕਥਾਮ ਲਈ ਫ਼ੰਡ ਜਾਰੀ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਹੈੱਡਕੁਆਰਟਰ ਦੇ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੈਨਾਤ ਕਰਨਾ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਖੇਤਰਾਂ ਦੇ ਲਗਾਤਾਰ ਦੌਰੇ ਕਰਨ ਦੀ ਹਦਾਇਤ ਕਰਨਾ ਵੀ ਸ਼ਲਾਘਾਯੋਗ ਹੈ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਊ ਪਾਲਕਾਂ ਅਤੇ ਡੇਅਰੀ ਨਾਲ ਜੁੜੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੱਖੀ/ਮੱਛਰ ਇਸ ਰੋਗ ਦੇ ਫੈਲਣ ਦਾ ਕਾਰਨ ਹਨ, ਇਸ ਲਈ ਪੀੜਤ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ। ਜੇਕਰ ਕਿਤੇ ਵੀ ਇਸ ਬੀਮਾਰੀ ਦੇ ਲੱਛਣ ਦਿੱਸਣ ਤਾਂ ਨਜ਼ਦੀਕੀ ਪਸ਼ੂ ਹਸਪਤਾਲ ਨਾਲ ਤੁਰੰਤ ਸੰਪਰਕ ਕੀਤਾ ਜਾਵੇ।