ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ: ਭਗਵੰਤ ਮਾਨ

0
260
Independence Day Celebration in Ludhiana
Independence Day Celebration in Ludhiana
  • ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ
  • ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਫਿਰਕੂਵਾਦ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜੰਗ ਵਿੱਢਣ ਦਾ ਸੱਦਾ

ਦਿਨੇਸ਼ ਮੌਦਗਿਲ, Ludhiana News (Independence Day Celebration in Ludhiana): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਰੰਗਲਾ ਪੰਜਾਬ’ ਬਣਾਉਣ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਫਿਰਕੂਪੁਣੇ ਅਤੇ ਹੋਰ ਸਮਾਜਿਕ ਪੱਖਪਾਤ ਵਰਗੀਆਂ ਬੁਰਾਈਆਂ ਖ਼ਿਲਾਫ਼ ਜੰਗ ਵਿੱਢਣ ਦਾ ਸੱਦਾ ਦਿੱਤਾ।

ਇੱਥੇ ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਬੁਰਾਈਆਂ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਵਿੱਚ ਰੁਕਾਵਟ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਵਿੱਚੋਂ ਇਨ੍ਹਾਂ ਬੁਰਾਈਆਂ ਦੀ ਜੜ੍ਹ ਵੱਢ ਸੁੱਟੀਏ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਸਰਕਾਰ ਇਸ ਮਹਾਨ ਕਾਰਜ ਲਈ ਦ੍ਰਿੜ੍ਹ ਸੰਕਲਪ ਹੈ ਪਰ ਇਹ ਮਿਸ਼ਨ ਲੋਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ।

ਆਜ਼ਾਦੀ ਦੀ ਰਾਹ ਕਾਫ਼ੀ ਲੰਮੀ ਤੇ ਚੁਣੌਤੀ ਭਰਪੂਰ ਸੀ

Independence Day Celebration in Ludhiana

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਹਰੇਕ ਭਾਰਤੀ ਲਈ ਮਾਣ ਤੇ ਸਤਿਕਾਰ ਦਾ ਮੌਕਾ ਹੈ ਕਿ ਦੇਸ਼ ਦੀ ਆਜ਼ਾਦੀ ਨੂੰ ਅੱਜ 75 ਵਰ੍ਹੇ ਪੂਰੇ ਹੋਏ ਹਨ। ਦੇਸ਼-ਵਿਦੇਸ਼ ਵਿੱਚ ਵਸਦੇ ਹਰੇਕ ਭਾਰਤ ਵਾਸੀ ਖ਼ਾਸ ਤੌਰ ਉਤੇ ਪੰਜਾਬੀਆਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਮੌਕਾ ਹੈ ਅਤੇ ਅਸੀਂ ਖ਼ੁਸ਼ਕਿਸਮਤ ਹਾਂ, ਜੋ ਇਸ ਮੌਕੇ ਦੇ ਗਵਾਹ ਬਣੇ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਰਾਹ ਕਾਫ਼ੀ ਲੰਮੀ ਤੇ ਚੁਣੌਤੀ ਭਰਪੂਰ ਸੀ ਪਰ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਰਾਹ ਵੀ ਉਨੀ ਹੀ ਮੁਸ਼ਕਲ ਹੈ।

ਮਹਾਨ ਸੁਤੰਤਰਤਾ ਸੰਗਰਾਮੀਆਂ ਉਤੇ ਸਵਾਲ ਚੁੱਕਣਾ ਨਾ ਮੁਆਫ਼ੀਯੋਗ ਅਪਰਾਧ

ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਕੁੱਝ ਲੋਕ, ਮਹਾਨ ਸੁਤੰਤਰਤਾ ਸੰਗਰਾਮੀਆਂ ਦੇ ਮਾਤ ਭੂਮੀ ਲਈ ਪਾਏ ਯੋਗਦਾਨ ਉਤੇ ਸਵਾਲ ਖੜ੍ਹੇ ਕਰ ਰਹੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਇਨ੍ਹਾਂ ਮਹਾਨ ਕੌਮੀ ਨਾਇਕਾਂ ਤੇ ਸ਼ਹੀਦਾਂ ਨੇ ਦੇਸ਼ ਨੂੰ ਬਰਤਾਨਵੀ ਸ਼ਾਸਨ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਕਿਵੇਂ ਲੰਮੀ ਜਦੋ-ਜਹਿਦ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਵੱਲੋਂ ਪਾਏ ਯੋਗਦਾਨ ਉਤੇ ਸਵਾਲ ਚੁੱਕਣਾ ਇਕ ਘਿਨਾਉਣਾ ਤੇ ਨਾ ਮੁਆਫ਼ੀਯੋਗ ਅਪਰਾਧ ਹੈ।

ਸਰਹੱਦਾਂ ਦੀ ਰਾਖੀ ਲਈ ਪੰਜਾਬੀ ਸਭ ਤੋਂ ਮੂਹਰੇ

ਮੁੱਖ ਮੰਤਰੀ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅੱਜ ਵੀ ਪੰਜਾਬੀ ਸਭ ਤੋਂ ਮੂਹਰੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਨੂੰ ਕਿਸੇ ਅੰਦਰੂਨੀ ਜਾਂ ਬਾਹਰੀ ਹਮਲੇ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਮਿਹਨਤ ਤੇ ਲਗਨ ਨਾਲ ਦੇਸ਼ ਦੇ ਖੁਰਾਕ ਉਤਪਾਦਨ ਵਿੱਚ ਅਹਿਮ ਭੂਮਿਕਾ ਨਿਭਾਈ।

ਸੁਤੰਤਰਤਾ ਸੰਗਰਾਮੀਆਂ ਦੇ ਸੁਪਨੇ ਅਜੇ ਵੀ ਅਧੂਰੇ

ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਰਗੇ ਮਹਾਨ ਕੌਮੀ ਨਾਇਕਾਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨੇ ਅਜੇ ਵੀ ਅਧੂਰੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਸੂਬੇ ਵਿੱਚ ਆਈਆਂ ਕਈ ਸਰਕਾਰਾਂ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸਨ ਪਰ ਭ੍ਰਿਸ਼ਟਾਚਾਰ, ਗੁਰਬਤ, ਬੇਰੋਜ਼ਗਾਰੀ ਕਾਰਨ ਲੋਕਾਂ ਦੀਆਂ ਉਮੀਦਾਂ ਧੁੰਦਲੀਆਂ ਪੈ ਗਈਆਂ ਅਤੇ ਇਨ੍ਹਾਂ ਵਿੱਚੋਂ ਕਈ ਬੁਰਾਈਆਂ ਅਜੇ ਵੀ ਸੂਬੇ ਵਿੱਚ ਡੂੰਘੀਆਂ ਜੜ੍ਹਾਂ ਜਮਾਈ ਬੈਠੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਆਮ ਆਦਮੀ ਸਰਕਾਰ ਦਾ ਸੱਤਾ ਵਿੱਚ ਆਉਣਾ ਪੰਜਾਬ ਦੇ ਲੋਕਾਂ ਲਈ ਠੰਢੀ ਹਵਾ ਦੇ ਝੋਕੇ ਵਰਗਾ ਹੈ ਕਿਉਂਕਿ ਇਹ ਸਰਕਾਰ ਨਾ ਸਿਰਫ਼ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਵਚਨਬੱਧ ਹੈ, ਸਗੋਂ ਸਾਡੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਵੀ ਅਹਿਦ ਲਿਆ ਹੈ।

ਸਾਰੇ ਪੰਜਾਬੀਆਂ ਨੂੰ ਸੂਬੇ ਨੂੰ ਮੁੜ ਖ਼ੁਸ਼ਹਾਲ ਬਣਾਉਣ ਅਤੇ ਦੇਸ਼ ਵਿੱਚੋਂ ਮੋਹਰੀ ਸੂਬਾ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਦੀ ਸਰਕਾਰ ਬਣਾਉਣ ਦੇ ਰੂਪ ਵਿੱਚ ਲੋਕਾਂ ਨੇ ਇਕ ਪੌਦਾ ਲਗਾਇਆ ਹੈ, ਜੋ ਹੁਣ ਫਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਰੋਜ਼ਾਨਾ ਪੰਜਾਬ ਵਿਕਾਸ ਤੇ ਤਰੱਕੀ ਦੀ ਰਾਹ ਉਤੇ ਸਫ਼ਲਤਾ ਦੀ ਨਵੀਂ ਇਬਾਰਤ ਲਿਖੇਗਾ। ਭਗਵੰਤ ਮਾਨ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ ਅਤੇ ਰੰਗਲਾ ਪੰਜਾਬ ਬਣਾ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕੀਤੀ ਜਾਵੇਗੀ।

ਆਮ ਆਦਮੀ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆਕਲਪ ਲਈ ਮੀਲ ਪੱਥਰ ਸਾਬਤ ਹੋਣਗੇ

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਅੱਜ 75ਵੇਂ ਆਜ਼ਾਦੀ ਦਿਵਸ ਮੌਕੇ 75 ਆਮ ਆਦਮੀ ਕਲੀਨਿਕਾਂ ਨੂੰ ਸਮਰਪਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ ਮੁਫਤ ਪ੍ਰਦਾਨ ਕਰਨਗੇ। ਭਗਵੰਤ ਮਾਨ ਨੇ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆਕਲਪ ਲਈ ਮੀਲ ਪੱਥਰ ਸਾਬਤ ਹੋਣਗੇ।

ਇਹ ਰਹੇ ਮੌਜੂਦ

ਇਸ ਮੌਕੇ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਜੀਤ ਕੌਰ ਮਾਣੂੰਕੇ, ਰਾਜਿੰਦਰ ਪਾਲ ਕੌਰ ਛੀਨਾ, ਦਲਜੀਤ ਸਿੰਘ ਗਰੇਵਾਲ, ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਜੀਵਨ ਸਿੰਘ ਸੰਗੋਵਾਲ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ, ਜਗਤਾਰ ਸਿੰਘ ਦਿਆਲਪੁਰਾ, ਮਨਵਿੰਦਰ ਸਿੰਘ ਗਿਆਸਪੁਰਾ ਤੇ ਹਾਕਮ ਸਿੰਘ ਠੇਕੇਦਾਰ (ਸਾਰੇ ਵਿਧਾਇਕ), ਵਧੀਕ ਮੁੱਖ ਸਕੱਤਰ (ਮੁੱਖ ਮੰਤਰੀ) ਏ ਵੇਨੂੰ ਪ੍ਰਸਾਦ, ਮੇਅਰ ਬਲਕਾਰ ਸਿੰਘ ਸੰਧੂ, ਜ਼ਿਲਾ ਅਤੇ ਸੈਸ਼ਨ ਮੁਨੀਸ਼ ਬਾਂਸਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਕਮਿਸ਼ਨਰ ਆਫ ਪੁਲਿਸ ਡਾ ਕੌਸਤੁਭ ਸ਼ਰਮਾ, ਡਾ. ਕੇ ਐਨ ਐਸ ਕੰਗ, ਸੁਰੇਸ਼ ਗੋਇਲ, ਹਰਭੁਪਿੰਦਰ ਸਿੰਘ ਧਰੌੜ, ਜੱਸੀ ਖੰਗੂੜਾ, ਸ਼ਰਨਪਾਲ ਸਿੰਘ ਮੱਕੜ ਤੇ ਅਮਨਦੀਪ ਸਿੰਘ ਮੋਹੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਸਾਡੇ ਨਾਲ ਜੁੜੋ :  Twitter Facebook youtube

SHARE