- ਮੁੱਖ ਸਕੱਤਰ ਨੇ ਪੰਜਾਬ ਵਿੱਚ ਰੇਲਵੇ ਨਾਲ ਸਬੰਧਤ ਲੰਬਿਤ ਮਾਮਲਿਆਂ ਦਾ ਜਾਇਜ਼ਾ ਲਿਆ
ਚੰਡੀਗੜ੍ਹ, PUNJAB NEWS: ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸੂਬੇ ਵਿੱਚ ਨਵੇਂ ਰੇਲ ਲਿੰਕ ਦੀ ਉਸਾਰੀ, ਰੇਲਵੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ, ਲਾਈਨਾਂ ਦੇ ਬਿਜਲੀਕਰਨ ਅਤੇ ਸੁਰੱਖਿਆ ਦੇ ਪੱਖ ਤੋਂ ਰੇਲ ਲਾਈਨਾਂ ਨਾਲ ਲੱਗਦੇ ਦਰੱਖਤਾਂ ਦੀ ਛਗਾਂਈ ਤੇ ਕਟਾਈ ਸਬੰਧੀ ਮਾਮਲਿਆਂ ਦੇ ਫੌਰੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਇਸ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਤੈਅ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਨਿਰਦੇਸ਼ ਸੂਬਾ ਵਾਸੀਆਂ ਨੂੰ ਬਿਹਤਰ ਰੇਲ ਨੈਟਵਰਕ ਨਾਲ ਜੋੜਨ ਅਤੇ ਪੰਜਾਬ ਵਿੱਚ ਰੇਲਵੇ ਮੰਤਰਾਲੇ ਨਾਲ ਸਬੰਧਤ ਲੰਬਿਤ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਮੁੱਖ ਸਕੱਤਰ ਵੱਲੋਂ ਉਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਾਲ ਦੀ ਸਣੇ ਰੇਲਵੇ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਨਾਲ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਕੀਤੀ ਉਚ ਪੱਧਰੀ ਮੀਟਿੰਗ ਦੌਰਾਨ ਦਿੱਤੇ।
ਲੰਬਿਤ ਪਏ ਮਾਮਲਿਆਂ ਦੇ ਫੌਰੀ ਹੱਲ ਦੀ ਵਚਨਬੱਧਤਾ
ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਿਹਤਰ ਰੇਲ ਨੈਟਵਰਕ ਨੂੰ ਯਕੀਨੀ ਬਣਾਉਣ ਲਈ ਇਨਾਂ ਨਾਲ ਸਬੰਧਤ ਲੰਬਿਤ ਪਏ ਮਾਮਲਿਆਂ ਦੇ ਫੌਰੀ ਹੱਲ ਦੀ ਵਚਨਬੱਧਤਾ ਤਹਿਤ ਅੱਜ ਦੀ ਮੀਟਿੰਗ ਵਿੱਚ ਅਜਿਹੇ ਸਾਰੇ ਮਾਮਲੇ ਵਿਚਾਰੇ ਗਏ।
ਨੰਗਲ ਡੈਮ-ਤਲਵਾੜਾ-ਮੁਕੇਰੀਆ, ਫਿਰੋਜ਼ਪੁਰ-ਪੱਟੀ ਅਤੇ ਰਾਮਾ ਮੰਡੀ ਤੋਂ ਸੱਦਾ ਸਿੰਘ ਵਾਲਾ ਵਾਇਆ ਤਲਵੰਡੀ ਸਾਬੋ ਨਵੀਂ ਰੇਲ ਲਾਈਨ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ। ਜ਼ਮੀਨ ਐਕਵਾਇਰ ਅਤੇ ਮੁਆਵਜ਼ੇ ਸਬੰਧੀ ਮੁੱਦਿਆਂ ਨੂੰ ਵਿਚਾਰਿਆ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਇਸ ਵਿੱਚ ਫੌਰੀ ਕਾਰਵਾਈ ਲਿਆਉਣ ਲਈ ਕਿਹਾ।
ਰੇਲਵੇ ਕਰਾਸਿੰਗ ਅਤੇ ਓਵਰ ਬ੍ਰਿਜ ਸਬੰਧੀ ਵਿਚਾਰੇ ਮਾਮਲਿਆਂ ਵਿੱਚ ਫਗਵਾੜਾ-ਜਲੰਧਰ ਕੈਂਟ ਵਿਚਾਲੇ ਧੰਨੋਵਾਲੀ ਅਤੇ ਬਠਿੰਡਾ ਵਿਖੇ ਰੇਲਵੇ ਓਵਰ ਬ੍ਰਿਜ ਉਤੇ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਹੋਈ।
ਬਿਜਲੀ ਵਿਭਾਗ ਨਾਲ ਜੁੜੀਆਂ ਪ੍ਰਵਾਨਗੀਆਂ ਤੁਰੰਤ ਦੇਣ ਲਈ ਆਖਿਆ
ਰੇਲ ਲਾਈਨਾਂ ਦੇ ਬਿਜਲੀਕਰਨ ਸਬੰਧੀ ਬਿਜਲੀ ਵਿਭਾਗ ਨਾਲ ਜੁੜੀਆਂ ਪ੍ਰਵਾਨਗੀਆਂ ਤੁਰੰਤ ਦੇਣ ਲਈ ਆਖਿਆ ਗਿਆ। ਇਸ ਮੌਕੇ ਰੇਲਵੇ ਅਧਿਕਾਰੀਆਂ ਕੋਲ ਸੂਬਾ ਸਰਕਾਰ ਵੱਲੋਂ ਕੰਢੀ ਨਹਿਰ ਅਤੇ ਰਾਜਪੁਰ-ਬਨੂੜ ਨਹਿਰ ਦੇ ਨਿਰਮਾਣ ਦੌਰਾਨ ਰੇਲਵੇ ਦੀ ਲੰਬਿਤ ਪਈ ਪ੍ਰਵਾਨਗੀਆਂ ਦੇ ਮਾਮਲੇ ਨੂੰ ਉਠਾਇਆ ਗਿਆ।
ਬਠਿੰਡਾ, ਹੁਸ਼ਿਆਰਪੁਰ ਤੇ ਪਠਾਨਕੋਟ ਜ਼ਿਲਿਆਂ ਨਾਲ ਸਬੰਧਤ ਮਾਮਲਿਆਂ ਮੁੱਖ ਸਕੱਤਰ ਵੱਲੋਂ ਵੀਡਿਓ ਕਾਨਫਰੰਸਿਗ ਰਾਹੀਂ ਉਥੋਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੌਕੇ ਉਤੇ ਗੱਲ ਕਰ ਕੇ ਇਸ ਦੇ ਹੱਲ ਲਈ ਨਿਰਦੇਸ਼ ਦਿੱਤੇ। ਉਨਾਂ ਇਹ ਵੀ ਆਖਿਆ ਕਿ ਜਿਹੜੇ ਕਿਸੇ ਇਕ ਵਿਭਾਗ ਨਾਲ ਸਬੰਧਤ ਮਾਮਲੇ ਹਨ, ਉਸ ਸਬੰਧੀ ਰੇਲਵੇ ਤੇ ਸਬੰਧਤ ਵਿਭਾਗ ਨਿਰੰਤਰ ਮੀਟਿੰਗ ਕਰਕੇ ਇਨਾਂ ਦਾ ਹੱਲ ਕਰਨ ਅਤੇ ਉਹ ਖੁਦ ਹਰ ਤਿੰਨ ਮਹੀਨਿਆਂ ਅੰਦਰ ਰੇਲਵੇ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਿਆ ਕਰਨਗੇ।
ਮੀਟਿੰਗ ਦੌਰਾਨ ਸੂਬਾ ਸਰਕਾਰ ਵੱਲੋਂ ਵਧੀਕ ਮੁੱਖ ਸਕੱਤਰ ਜੰਗਲਾਤ ਰਾਜੀ ਪੀ. ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ ਤੇ ਪ੍ਰਮੁੱਖ ਸਕੱਤਰ ਜਲ ਸਰੋਤ ਤੇ ਖਣਨ ਕ੍ਰਿਸ਼ਨ ਕੁਮਾਰ ਅਤੇ ਰੇਲਵੇ ਵੱਲੋਂ ਉਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ ਇੰਜਨੀਅਰ ਸਤੀਸ਼ ਕੁਮਾਰ ਪਾਂਡੇ, ਮੁੱਖ ਪ੍ਰਸ਼ਾਸਕੀ ਅਫਸਰ ਏ.ਕੇ.ਸਿੰਘਲ, ਡੀ.ਆਰ.ਐਮ. ਅੰਬਾਲਾ ਜੀ.ਐਮ.ਸਿੰਘ, ਡੀ.ਆਰ.ਐਮ. ਫਿਰੋਜ਼ਪੁਰ ਸੀਮਾ ਸ਼ਰਮਾ, ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜਨੀਅਰ ਪ੍ਰਮੋਦ ਸ਼ਰਮਾ ਤੇ ਪ੍ਰਿੰਸੀਪਲ ਚੀਫ ਸਿਗਨਲ ਤੇ ਟੈਲੀਕਾਮ ਇੰਜਨੀਅਰ ਸ਼ਮਿੰਦਰ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ: ਸਰਕਾਰ ਨੇ 5 ਮਹੀਨਿਆਂ ਦੌਰਾਨ ਇਤਿਹਾਸਕ ਫੈਸਲੇ ਲਏ : ਹਰਪਾਲ ਚੀਮਾ
ਇਹ ਵੀ ਪੜ੍ਹੋ: ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ
ਇਹ ਵੀ ਪੜ੍ਹੋ: 72,000 ਏਕੜ ਰਕਬੇ ਵਿੱਚ ਸਿੰਜਾਈ ਸਹੂਲਤਾਂ ਹੋਣਗੀਆਂ ਬਿਹਤਰ: ਡਾ. ਨਿੱਝਰ
ਸਾਡੇ ਨਾਲ ਜੁੜੋ : Twitter Facebook youtube