ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦਾ ਦੇਹਾਂਤ

0
468
Punjabi novelist Mohan Kahlon passed away
Punjabi novelist Mohan Kahlon passed away
  • ਸਾਹਿੱਤਕ ਹਲਕਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਦਿਨੇਸ਼ ਮੌਦਗਿਲ, Ludhiana (Punjabi novelist Mohan Kahlon passed away): ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦਾ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਇਸੇ ਸਾਲ 10 ਜਨਵਰੀ ਨੂੰ ਆਪਣਾ 86ਵਾਂ ਜਨਮ ਦਿਨ ਆਪਣੇ ਬੇਟੇ ਰਾਜਪਾਲ ਸਿੰਘ ਕਾਹਲੋਂ ਆਈਏਐੱਸ (ਰੀਟਾਇਰਡ) ਤੇ ਬੇਟੀ ਇਰਾ ਮੱਲ੍ਹੀ ਦੇ ਪਰਿਵਾਰ ਨਾਲ ਰਲ ਕੇ ਮਨਾਇਆ ਸੀ।

ਕਾਹਲੋਂ ਦੇ ਪਰਿਵਾਰਕ ਸਨੇਹੀ ਜਗਮੋਹਨ ਸਿੰਘ ਗਿੱਲ ਨੇ ਕੋਲਕਾਤਾ ਤੋਂ ਉਨ੍ਹਾਂ ਦੀ ਖ਼ਬਰ ਦੇਂਦਿਆਂ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਮੋਹਨ ਕਾਹਲੋਂ ਦਾ ਜਨਮ 10 ਜਨਵਰੀ 1936 ਨੂੰ ਰਾਵੀ ਪਾਰਲੇ ਕੰਢੇ ਪਿੰਡ ਛੰਨੀ ਟੇਕਾ ਤਹਿਸੀਲ ਸ਼ੱਕਰਗੜ੍ਹ (ਗੁਰਦਾਸਪੁਰ ) ਵਿਖੇ ਹੋਇਆ।

ਮਛਲੀ ਇੱਕ ਦਰਿਆ ਦੀ ਮੋਹਨ ਕਾਹਲੋਂ ਦਾ ਪਹਿਲਾ ਨਾਵਲ ਸੀ

ਐੱਮਏ ਪੰਜਾਬੀ ਤੇ ਅੰਗਰੇਜ਼ੀ ਕਰਨ ਤੋਂ ਬਾਅਦ ਕਾਹਲੋਂ ਲਗਾਤਾਰ ਸਕੂਲ ਲੈਕਚਰਰ ਵਜੋਂ ਕਾਰਜਸ਼ੀਲ ਰਹੇ। ਮੋਹਨ ਕਾਹਲੋਂ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਤੇ ਆਪਣੇ ਨਿਕਟਵਰਤੀ ਮਿੱਤਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਅਤੇ ਇਸ ਬਾਰੇ ਨਾਵਲ ਗੋਰੀ ਨਦੀ ਦਾ ਗੀਤ ਵੀ ਲਿਖਿਆ। ਸ਼ਿਵ ਕੁਮਾਰ ਬਟਾਲਵੀ ਨੇ ਮੋਹਨ ਕਾਹਲੋਂ ਦੇ ਪਹਿਲੇ ਨਾਵਲ ਮਛਲੀ ਇੱਕ ਦਰਿਆ ਦੀ ਦਾ ਕਵਿਤਾ ਚ ਮੁੱਖ ਬੰਦ ਲਿਖਿਆ ਜੋ ਮਗਰੋਂ ਉਸ ਨੇ ਆਪਣੇ ਕਾਵਿ ਸੰਗ੍ਰਹਿ ਆਰਤੀ ਵਿੱਚ ਵੀ ਗਵਾਹੀ ਨਾਮ ਹੇਠ ਸ਼ਾਮਿਲ ਕੀਤਾ।

ਪਿਛਲੇ ਅਠਾਈ ਸਾਲ ਤੋਂ ਕੋਲਕਾਤਾ ਵਿੱਚ ਰਹਿ ਰਹੇ ਸਨ

ਸੇਵਾ ਮੁਕਤੀ ਉਪਰੰਤ ਆਪ ਆਪਣੇ ਪੁੱਤਰ ਕੋਲ ਕੋਲਕਾਤਾ ਚਲੇ ਗਏ ਸਨ ਅਤੇ ਪਿਛਲੇ ਅਠਾਈ ਸਾਲ ਤੋਂ ਕੋਲਕਾਤਾ ਵਿੱਚ ਹੀ ਸਨ।
ਉਥੋਂ ਦੀ ਨੈਸ਼ਨਲ ਲਾਇਬਰੇਰੀ ਵਿੱਚ ਤਪੱਸਵੀਆਂ ਵਾਂਗ ਖੋਜ ਬੀਨ ਕਰਕੇ ਆਪ ਨੇ ਪਹਿਲੇ ਵਿਸ਼ਵ ਯੁੱਧ ਬਾਰੇ ਨਾਵਲ ਵਹਿ ਗਏ ਪਾਣੀ ਲਿਖਿਆ ਜੋ 2005 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ। ਉਨਾਂ ਦੇ ਮਹੱਤਵ ਪੂਰਨ ਨਾਵਲਾਂ ਵਿੱਚ ਮਛਲੀ ਇੱਕ ਦਰਿਆ ਦੀ, ਬੇੜੀ ਤੇ ਬਰੇਤਾ, ਗੋਰੀ ਨਦੀ ਦਾ ਗੀਤ, ਪ੍ਰਦੇਸੀ ਰੁੱਖ, ਬਾਰਾਂਦਰੀ, ਕਾਲੀ ਮਿੱਟੀ ਆਦਿ ਹਨ। ਕਾਹਲੋਂ ਦਾ ਹੀਰ ਵਾਰਿਸ ਸ਼ਾਹ ਦਾ ਸੰਖੇਪ ਐਡੀਸ਼ਨ ਵੀ ਹਿੰਦ ਪਾਕਿਟ ਬੁੱਕਸ ਲਈ ਆਪ ਨੇ ਛਾਪਿਆ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ 2003 ਵਿੱਚ ਸਨਮਾਨਿਤ ਕੀਤਾ

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ 2003 ਵਿੱਚ ਸਨਮਾਨਿਤ ਕੀਤਾ। ਤਿੰਨ ਕੁ ਸਾਲ ਪਹਿਲਾਂ ਉਹ ਆਪਣੇ ਪੁੱਤਰ ਸਮੇਤ ਆਖ਼ਰੀ ਵਾਰ ਪੰਜਾਬ ਦੌਰੇ ਤੇ ਆਏ ਅਤੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਮਿਲਣ ਢੁੱਡੀ ਕੇ ਵੀ ਗਏ।

ਸਾਹਿੱਤਕ ਹਲਕਿਆਂ ਵਿੱਚ ਸੋਗ ਦਾ ਮਾਹੌਲ

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਮੋਹਨ ਕਾਹਲੋਂ ਦੀ ਮੁਹੱਬਤ ਦੇ ਪਾਤਰ ਗੁਰਭਜਨ ਗਿੱਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਮੋਹਨ ਕਾਹਲੋਂ ਦੇ ਜਾਣ ਨਾਲ ਪੰਜਾਬੀ ਗਲਪ ਦੇ ਸੁਨਹਿਰੀ ਯੁਗ ਦਾ ਵਰਕਾ ਪਾਟ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਮੁਖੀ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:  ਸਬ-ਇੰਸਪੈਕਟਰ ਦੀ ਗੱਡੀ ‘ਚ ਬੰਬ ਰੱਖਣ ਦੇ ਆਰੋਪੀ 8 ਦਿਨ ਦੇ ਰਿਮਾਂਡ ‘ਤੇ

ਸਾਡੇ ਨਾਲ ਜੁੜੋ :  Twitter Facebook youtube

SHARE