ਸੂਬੇ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਲੋਕਾਂ ਦਾ ਵੱਡੀ ਗਿਣਤੀ ‘ਚ ਅੱਗੇ ਆਉਣਾ ਸ਼ੁੱਭ ਸੰਕੇਤ: ਲਾਲ ਚੰਦ ਕਟਾਰੂਚੱਕ

0
170
Directions for developing Keshopur Chhamb Wetland, Review of departmental operations and plans, Animals should be well maintained
Directions for developing Keshopur Chhamb Wetland, Review of departmental operations and plans, Animals should be well maintained
  • ਗੁਰਦਾਸਪੁਰ ਦੇ ਕੇਸ਼ੋਪੁਰ ਛੰਬ ਵੈਟਲੈਂਡ ਨੂੰ ਵਿਕਸਿਤ ਕਰਨ ਦੇ ਦਿੱਤੇ ਨਿਰਦੇਸ਼
  • ਜੰਗਲਾਤ ਮੰਤਰੀ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਚੰਡੀਗੜ੍ਹ/ਮੋਹਾਲੀ, PUNJAB NEWS: ਪੰਜਾਬ ਵਿੱਚ ਜੰਗਲਾਤ ਹੇਠਲੇ ਰਕਬੇ ਵਿੱਚ ਵਾਧਾ ਕਰਨ ਅਤੇ ਇਸ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਜਿਸਦੇ ਸਿੱਟੇ ਵਜੋਂ ਲੋਕ ਵੱਡੀ ਗਿਣਤੀ ਵਿੱਚ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ।

 

 

ਇਹ ਵਿਚਾਰ ਮੋਹਾਲੀ ਦੇ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਵਿਭਾਗੀ ਕੰਮਕਾਜ ਅਤੇ ਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰਗਟ ਕੀਤੇ।

 

 

ਇਸ ਮੌਕੇ ਉਨ੍ਹਾਂ ਗੁਰਦਾਸਪੁਰ ਦੇ ਕੇਸ਼ੋਪੁਰ ਛੰਬ ਵਿਖੇ ਸਥਿਤ ਵੈਟਲੈਂਡ, ਜਿਥੇ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀ ਆਉਂਦੇ ਹਨ, ਨੂੰ ਵਿਕਸਿਤ ਕੀਤੇ ਜਾਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਹੁਸ਼ਿਆਰਪੁਰ ਵਿਖੇ ਲੱਕੜ ਮੰਡੀ ਨੂੰ ਵੀ ਵਿਕਸਿਤ ਕੀਤੇ ਜਾਣ ਲਈ ਕਿਹਾ ਤਾਂ ਜੋ ਕਿਸਾਨਾਂ ਅਤੇ ਸਰਕਾਰ ਦਰਮਿਆਨ ਸਿੱਧਾ ਸੰਪਰਕ ਹੋਵੇ ਅਤੇ ਨਿੱਜੀ ਲੋਕਾਂ ਹੱਥੋਂ ਕਿਸਾਨਾਂ ਦੀ ਲੁੱਟ ਨਾ ਹੋਵੇ।

 

ਕਿਸਾਨਾਂ ਅਤੇ ਸਰਕਾਰ ਦਰਮਿਆਨ ਸਿੱਧਾ ਸੰਪਰਕ ਹੋਵੇ

 

ਇਸ ਮੌਕੇ ਮੰਤਰੀ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 51 ਲੱਖ ਤੋਂ ਵੱਧ ਬੂਟੇ ਵੰਡੇ ਜਾਣ ਦਾ ਟੀਚਾ ਹੈ ਜਿਸ ਵਿੱਚੋਂ 35 ਲੱਖ ਬੂਟਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਨਕੈਂਪਾ ਸਕੀਮ ਤਹਿਤ 47 ਲੱਖ ਬੂਟੇ ਵੰਡੇ ਜਾਣ ਦਾ ਟੀਚਾ ਹੈ ਜਿਸ ਵਿੱਚੋਂ 39.5 ਲੱਖ ਬੂਟੇ ਵੰਡੇ ਜਾ ਚੁੱਕੇ ਹਨ।

 

ਪੰਜਾਬ ਭਰ ਵਿੱਚ 16905 ਤ੍ਰਿਵੈਣੀਆਂ ਸਥਾਪਤ ਕੀਤੇ ਜਾਣ ਦਾ ਟੀਚਾ

 

Directions for developing Keshopur Chhamb Wetland, Review of departmental operations and plans, Animals should be well maintained
Directions for developing Keshopur Chhamb Wetland, Review of departmental operations and plans, Animals should be well maintained

 

ਗੁਰੂ ਨਾਨਕ ਬਗੀਚੀ ਯੋਜਨਾ ਸਬੰਧੀ ਕਟਾਰੂਚੱਕ ਦੇ ਧਿਆਨ ਹਿੱਤ ਇਹ ਲਿਆਂਦਾ ਗਿਆ ਕਿ ਇਸ ਯੋਜਨਾ ਤਹਿਤ ਜਾਪਾਨ ਦੀ ਮੀਆਂਵਾਕੀ ਕਿਸਮ ਦੇ ਬੂਟਿਆਂ ਰਾਹੀਂ ਸੂਬੇ ਦੇ 94 ਸਥਾਨਾਂ ਉੱਤੇ ਛੋਟੇ ਜੰਗਲ ਸਥਾਪਤ ਕੀਤੇ ਜਾਣ ਦਾ ਟੀਚਾ ਹੈ ਜਿਨ੍ਹਾਂ ਵਿੱਚੋਂ 36 ਥਾਵਾਂ ਉੱਤੇ ਇਹ ਕੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਚੁੱਕਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਭਰ ਵਿੱਚ 16905 ਤ੍ਰਿਵੈਣੀਆਂ ਸਥਾਪਤ ਕੀਤੇ ਜਾਣ ਦਾ ਟੀਚਾ ਹੈ ਜਿਨ੍ਹਾਂ ਵਿੱਚੋਂ 6463 ਤ੍ਰਿਵੈਣੀਆਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।

 

 

ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸੂਬੇ ਵਿਚਲੇ ਚਿੜੀਆਘਰਾਂ ਅਤੇ ਉਨ੍ਹਾਂ ਵਿੱਚ ਰੱਖੇ ਗਏ ਜਾਨਵਰਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇ ਕਿਉਂਕਿ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਲਈ ਜੰਗਲੀ ਜੀਵਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ।

 

 

ਇਸ ਮੌਕੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ (ਜੰਗਲਾਤ ਵਿਭਾਗ) ਰਾਜੀ ਪੀ. ਸ੍ਰੀਵਾਸਤਵਾ ਨੇ ਵਿਭਾਗੀ ਅਧਿਕਾਰੀਆਂ ਨੂੰ ਵਿਭਾਗ ਨਾਲ ਸਬੰਧਤ ਯੋਜਨਾਵਾਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਗੁਣਵੱਤਾ ਦਾ ਖਾਸ ਧਿਆਨ ਰੱਖਣ ਲਈ ਕਿਹਾ।

 

 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ (ਜੰਗਲਾਤ ਵਿਭਾਗ) ਚੰਦਰ ਗੈਂਦ, ਸਕੱਤਰ (ਜੰਗਲਾਤ ਅਤੇ ਜੰਗਲੀ ਜੀਵ) ਇੰਦੂ ਮਲਹੋਤਰਾ, ਪ੍ਰਮੁੱਖ ਮੁੱਖ ਵਣਪਾਲ ਰਮਾਕਾਂਤ ਮਿਸ਼ਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

 

 

SHARE