ਇੰਡੀਆ ਨਿਊਜ਼, ਲੁਧਿਆਣਾ (Weight Lifter Ramandeep Kaur) : ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਲੁਧਿਆਣਾ ਸ਼ਹਿਰ, ਪੰਜਾਬ ਸੂਬੇ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਲ ਚੱਟਾਨ ਦੇ ਵਾਂਗ ਖੜ੍ਹਾ ਹੈ।
ਇਸ ਗੱਲ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਤਾ ਗਿਆ ਜਦੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵੇਟ ਲਿਫਟਰ ਰਮਨਦੀਪ ਕੌਰ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਵਿਧਾਇਕ ਗੋਗੀ ਨੇ ਪਿਛਲੀਆਂ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸੂਬੇ, ਖ਼ਾਸਕਰ ਲੁਧਿਆਣਾ ਜ਼ਿਲ੍ਹੇ ਨੇ ਦੇਸ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਅਣਗੋਲਿਆ ਕੀਤਾ ਹੈ।
ਰਮਨਦੀਪ ਕੌਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤੇ
ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਦੀ ਵਸਨੀਕ ਵੇਟ ਲਿਫਟਰ ਰਮਨਦੀਪ ਕੌਰ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਹੈ ਜੋਕਿ ਕਰੀਬ 40-45 ਫੀਸਦ ਦਿਵਯਾਂਗ ਹੈ। ਰਮਨਦੀਪ ਕੌਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਬਹੁਤ ਸਾਰੇ ਮੈਡਲ ਜਿੱਤੇ ਹਨ ਪਰ ਅੱਜ ਉਹ ਕਪੜਿਆਂ ਦੀ ਸਿਲਾਈ ਕਰਕੇ ਆਪਣਾ ਗੁਜਾਰਾ ਚਲਾ ਰਹੀ ਹੈ।
ਰਮਨਦੀਪ ਕੌਰ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਉਸ ਵੱਲੋਂ ਸਰਕਾਰੀ ਨੌਕਰੀ ਲਈ ਕਾਫੀ ਜਦੋ-ਜਹਿਦ ਕੀਤੀ ਗਈ ਪਰ ਲਾਰਿਆਂ ਦੇ ਸਿਵਾ ਕਿਸੇ ਨੇ ਉਸ ਦੀ ਝੋਲੀ ਕੁਝ ਨਾ ਪਾਇਆ ਤੇ ਉਹ ਥੱਕ-ਹਾਰ ਕੇ ਬਹਿ ਗਈ ਹੈ। ਅੰਤਰਰਾਸ਼ਟੀ ਖਿਡਾਰਨ ਨੇ ਦੱਸਿਆ ਕਿ ਹੁਣ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਸ ਨੂੰ ਆਸ ਬੱਝੀ ਹੈ ਜਿਸ ਤਹਿਤ ਉਸਨੇ ਅੱਜ ਵਿਧਾਇਕ ਗੋਗੀ ਦੇ ਦਫ਼ਤਰ ਵਿਖੇ ਆਪਣੀ ਗੁਹਾਰ ਲਗਾਈ ਹੈ।
ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਖਿਡਾਰਨ ਰਮਨਦੀਪ ਕੌਰ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਜਲਦ ਹੀ ਉਹ ਉਨ੍ਹਾਂ ਦਾ ਮੁੱਦਾ ਪੰਜਾਬ ਸਰਕਾਰ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਬਰਖਾਸਤ
ਇਹ ਵੀ ਪੜ੍ਹੋ: ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਲਾਲਜੀਤ ਸਿੰਘ ਭੁੱਲਰ
ਸਾਡੇ ਨਾਲ ਜੁੜੋ : Twitter Facebook youtube