ਫੈਸਲੇ ਦਾ ਮਕਸਦ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ
ਮਿਲਕਫੈੱਡ ਨੂੰ ਹੋਰ ਸੂਬਿਆਂ ਤੇ ਵਿਦੇਸ਼ਾਂ ਵਿਚ ਵੀ ਮੰਡੀਕਰਨ ਦੀਆਂ ਸੰਭਾਵਨਾ ਤਲਾਸ਼ਣ ਲਈ ਆਖਿਆ
ਇੰਡੀਆ ਨਿਊਜ਼, ਚੰਡੀਗੜ੍ਹ (Dairy Farming in Punjab): ਸੂਬੇ ਵਿਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਲਕਫੈੱਡ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਪਿੰਡਾਂ ਵਿਚ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਹੁਕਮ ਦਿੱਤੇ ਹਨ। ‘ਦਾ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਜਿਸ ਨੂੰ ਮਿਲਕਫੈੱਡ ਦੇ ਤੌਰ ਉਤੇ ਜਾਣਿਆ ਜਾਂਦਾ ਹੈ, ਦੇ ਕੰਮਕਾਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪਿੰਡਾਂ ਤੋਂ ਗੁਣਵੱਤਾ ਭਰਪੂਰ ਦੁੱਧ ਇਕੱਤਰ ਕਰਨ ਲਈ ਅਤੇ ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਗਾਹਕਾਂ ਨੂੰ ਸਪਲਾਈ ਕਰਨ ਲਈ ਦੁੱਧ ਦੀ ਖਰੀਦ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।
ਵੇਰਕਾ ਲਈ ਨਵੇਂ ਮੌਕੇ ਸਿਰਜੇ ਮਿਲਕਫੈੱਡ
ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਮਿਲਕਫੈੱਡ ਆਪਣੇ ਪ੍ਰਸਿੱਧ ਬਰਾਂਡ ‘ਵੇਰਕਾ’ ਲਈ ਨਵੇਂ ਮੌਕੇ ਸਿਰਜੇਗਾ ਜਿਸ ਦਾ ਇਕੋ-ਇਕ ਉਦੇਸ਼ ਸਾਰਿਆਂ ਦੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਸਾਰੇ ਸੰਭਾਵੀ ਪਿੰਡਾਂ ਨੂੰ ਵੀ ਆਪਣੇ ਨਾਲ ਜੋੜਿਆ ਜਾਵੇ ਅਤੇ ਇਨ੍ਹਾਂ ਪਿੰਡਾਂ ਤੋਂ ਵੱਧ ਤੋਂ ਵੱਧ ਮਿਕਦਾਰ ਵਿਚ ਦੁੱਧ ਖਰੀਦਿਆ ਜਾਵੇ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਕਮਾਤਰ ਉਦੇਸ਼ ਸਹਿਕਾਰਤਾ ਦੀ ਅਸਲ ਭਾਵਨਾ ਨੂੰ ਅਪਣਾਉਂਦੇ ਹੋਏ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਤੇ ਦੁੱਧ ਦੀ ਚੰਗੀ ਕੀਮਤ ਮੁਹੱਈਆ ਕਰਵਾਉਣਾ ਹੈ।
ਕਿਸਾਨ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾਵੇ
ਉਨ੍ਹਾਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਨੌਜਵਾਨਾਂ ਵਿੱਚ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਆਧੁਨਿਕ ਤਕਨਾਲੋਜੀ ਦੀ ਵਿਧੀ ਵਿਕਸਤ ਕਰਨ ਉਤੇ ਵੀ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮੁੱਚੀ ਪ੍ਰਣਾਲੀ ਪਾਰਦਰਸ਼ੀ ਅਤੇ ਖਪਤਕਾਰ ਪੱਖੀ ਬਣੀ ਰਹੇ।
ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਵਿੱਤੀ ਸਾਲ 2021-2022 ਦੀ 4869 ਕਰੋੜ ਰੁਪਏ ਦੀ ਕੁੱਲ ਕਮਾਈ ਨੂੰ ਦੁੱਗਣਾ ਕਰਕੇ ਵਿੱਤੀ ਸਾਲ 2026-2027 ਤੱਕ 10,000 ਕਰੋੜ ਰੁਪਏ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਮਿਲਕਫੈੱਡ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਰਵਨੀਤ ਕੌਰ, ਰਜਿਸਟਰਾਰ ਸਹਿਕਾਰੀ ਸਭਾਵਾਂ ਨੀਲਕੰਠ ਐਸ. ਅਵਧ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਢਾਕਾ ਅਤੇ ਹੋਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ
ਸਾਡੇ ਨਾਲ ਜੁੜੋ : Twitter Facebook youtube