- ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਨੀਤੀ ਆਯੋਗ ਦੇ ਸਹਿਯੋਗ ਦੀ ਕੀਤੀ ਮੰਗ
- ਨੀਤੀ ਆਯੋਗ ਨਾਲ ਰਾਬਤੇ ਲਈ ਖੇਤੀਬਾੜੀ ਤੇ ਪੇਂਡੂ ਵਿਕਾਸ ਵਿਭਾਗ ਵਲੋਂ ਆਈ.ਐਸ.ਅਫਸਰ ਨੋਡਲ ਅਫਸਰ ਵਜੋਂ ਲਾਏ ਜਾਣਗੇ
- ਖੇਤੀਬਾੜੀ ਅਤੇ ਪੇਂਡੂ ਵਿਕਾਸ ਦੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਪਹੁੰਚਾਉਣ ਲਈ ਨੀਤੀ ਆਯੋਗ ਵਲੋਂ ਪੰਜਾਬ ਆ ਕੇ ਜਲਦ ਮੀਟਿੰਗ ਕੀਤੀ ਜਾਵੇਗੀ
- ਸੂਬਿਆਂ ਦੀ ਅਫਸਰਸ਼ਾਹੀ ਨੂੰ ਕੇਂਦਰੀ ਸਕੀਮਾਂ ਦਾ ਲਾਭ ਲੈਣ ਲਈ ਜਵਾਬਦੇਹ ਬਣਾਇਆ ਜਾਵੇ: ਪ੍ਰੋ. ਰਮੇਸ਼ ਚੰਦ ਮੈਂਬਰ ਨੀਤੀ ਆਯੋਗ
ਚੰਡੀਗੜ੍ਹ, PUNJAB NEWS (The benefits of central schemes should be conveyed to the people of the state): ਪੰਜਾਬ ਪਿੰਡਾਂ ਵਿਚ ਵਸਦਾ ਹੈ ਅਤੇ ਇੱਥੋਂ ਦੀ 60 ਫੀਸਦੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ, ਸੋ ਇਸ ਲਈ ਪਿੰਡਾਂ ਦੇ ਵਿਕਾਸ ਅਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਤੋਂ ਬਿਨਾਂ ਰੰਗਲੇ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਸੇਸ਼ ਸੱਦੇ ‘ਤੇ ਮਿਲਣ ਪਹੁੰਚੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਨੂੰ ਮੁਖਾਤਿਬ ਹੁੰਦਿਆਂ ਸੂਬੇ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨੀਤੀ ਆਯੋਗ ਤੋਂ ਪੰਜਾਬ ਅਤੇ ਸੂਬੇ ਦੀ ਖੇਤੀ ਨੂੰ ਬਚਾਉਣ ਲਈ ਸਹਿਯੋਗ ਦੀ ਮੰਗ ਕੀਤੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੇ ਸਾਂਝੇ ਯਤਨਾ ਨਾਲ ਹੀ ਕੇਂਦਰੀ ਸਕੀਮਾਂ ਦਾ ਲਾਭ ਸੂਬੇ ਦੇ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ।
ਦੋ ਆਈ.ਐਸ.ਅਫਸਰਾਂ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕਰਨ ਦਾ ਫੈਸਲਾ
ਕੇਂਦਰੀ ਸਕੀਮਾਂ ਦਾ ਸਹੀ ਲਾਭ ਲੋਕਾਂ ਤੱਕ ਪਹੁੰਚਾਉਣ ਅਤੇ ਨੀਤੀ ਆਯੋਗ ਨਾਲ ਰਾਬਤ ਕਰਨ ਲਈ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਵਿਭਾਗ ਦੇ ਦੋ ਆਈ.ਐਸ.ਅਫਸਰਾਂ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।ਜਲਦ ਹੀ ਨੀਤੀ ਆਯੋਗ ਦਾ ਵਫਦ ਖੇਤੀਬਾੜੀ ਅਤੇ ਪੇਂਡੂ ਵਿਕਾਸ ਵਿਭਾਗ ਦੀਆਂ ਸਕੀਮਾਂ ਬਾਰੇ ਵਿਚਾਰ ਕਰਨ ਲਈ ਪੰਜਾਬ ਆਵੇਗਾ ਅਤੇ ਕੇਂਦਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਬਾਰੇ ਆਪਣੇ ਸੁਝਾਅ ਪੇਸ਼ ਕਰੇਗਾ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਨੇ ਕਿਹਾ ਕਿ ਨੀਤੀ ਆਯੋਗ ਬਣਿਆ ਹੀ ਸੂਬਿਆਂ ਦੀ ਮੱਦਦ ਕਰਨ ਲਈ ਹੈ।ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਵਲੋਂ ਬਿਨਾਂ ਕਿਸੇ ਭੇਦ ਭਾਵ ਦੇ ਕੇਂਦਰੀ ਸਕੀਮਾਂ ਦਾ ਲਾਭ ਲੈਣ ਵਿਚ ਸੂਬਿਆਂ ਦੀ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ।
ਸੂਬਿਆਂ ਦੀ ਅਫਸਸ਼ਾਹੀ ਨੂੰ ਕੇਂਦਰੀ ਸਕੀਮਾਂ ਦਾ ਲਾਭ ਲੈਣ ਲਈ ਜਵਾਬਦੇਹ ਬਣਾਇਆ ਜਾਵੇ
ਪ੍ਰੋ. ਰਮੇਸ਼ ਨੇ ਕਿਹਾ ਕਿ ਸੂਬਿਆਂ ਦੀ ਅਫਸਸ਼ਾਹੀ ਨੂੰ ਕੇਂਦਰੀ ਸਕੀਮਾਂ ਦਾ ਲਾਭ ਲੈਣ ਲਈ ਜਵਾਬਦੇਹ ਬਣਾਇਆ ਜਾਵੇ ਤਾਂ ਜੋ ਸਾਰੀਆਂ ਕੇਂਦਰੀ ਸਕੀਮਾਂ ਦੀਆਂ ਤਜਵੀਜਾਂ ਸਹੀ ਤਰਾਂ ਨਾਲ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮਾਂ ਲੈਣ ਲਈ ਸੂਬਿਆਂ ਨੂੰ ਕਿਸੇ ਅੱਗੇ ਬੇਨਤੀਆਂ ਕਰਨ ਦੀ ਕੋਈ ਲੋੜ ਨਹੀਂ ਬਲਕਿ ਇਹ ਉਨਾਂ ਦਾ ਹੱਕ ਹੈ, ਸਿਰਫ ਲੋੜ ਹੈ ਸਹੀ ਢੰਗ ਨਾਲ ਤਜਵੀਜਾਂ ਭੇਜਣ ਦੀ ਤਾਂ ਜੋ ਇਹ ਬਿਨਾਂ ਕਿਸੇ ਰੁਕਾਵਟ ਦੇ ਪਾਸ ਕੀਤੀਆਂ ਜਾ ਸਕਣ।
ਕੁਲਦੀਪ ਸਿੰਘ ਧਾਲੀਵਾਲ ਨੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਦਾ ਇਸ ਮਿਲਣੀ ਲਈ ਧੰਨਵਾਦ ਕਰਦਿਆਂ ਅਸ ਜਤਾਈ ਕਿ ਨੀਤੀ ਆਯੋਗ ਵਲੋਂ ਪੰਜਾਬ ਦੇ ਵਿਕਾਸ ਲਈ ਪੂਰਾ ਸਹਿਯੋਗ ਅਤੇ ਸਾਥ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲ਼ਾ ਦੀ ਵੱਡੀ ਨਦੀ ਅਤੇ ਛੋਟੀ ਨਦੀ ਦਾ 165 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ ਸੁੰਦਰੀਕਰਨ: ਡਾ. ਨਿੱਜਰ
ਇਹ ਵੀ ਪੜ੍ਹੋ: ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ
ਇਹ ਵੀ ਪੜ੍ਹੋ: ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਨਿਰਦੇਸ਼
ਸਾਡੇ ਨਾਲ ਜੁੜੋ : Twitter Facebook youtube