- ਨਿਵਾਸੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ ਰਾਵੀ ਦਰਿਆ ‘ਤੇ ਦੋ ਪੌਂਟੂਨ ਪੁਲਾਂ ਦੇ ਨਿਰਮਾਣ ਲਈ ਤਿਆਰੀਆਂ ਮੁਕੰਮਲ: ਹਰਭਜਨ ਸਿੰਘ ਈ.ਟੀ.ਓ.
- ਪੁਲਾਂ ਦੀ ਸਹੂਲਤ ਨਾਲ ਕਿਸਾਨਾਂ ਨੂੰ ਪਸ਼ੂਆਂ ਦੀ ਢੋਆ-ਢੁਆਈ ਅਤੇ ਖੇਤੀ ਮਸ਼ੀਨਰੀ ਲਈ ਕਿਸ਼ਤੀਆਂ ਤੋਂ ਛੁਟਕਾਰਾ ਮਿਲੇਗਾ
- ਪਿੰਡ ਦਰਿਆ ਮੂਸਾ ਅਤੇ ਕੋਟ ਰਜਾਦਾ ਵਿਖੇ ਰਾਵੀ ਦਰਿਆ`ਤੇ ਬਣਨਗੇ ਪੁਲ
ਚੰਡੀਗੜ੍ਹ, PUNJAB NEWS (The government will meet the demand of the border villages): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਪਿੰਡ ਦਰਿਆ ਮੂਸਾ ਅਤੇ ਪਿੰਡ ਕੋਟ ਰਜਾਦਾ ਵਿਖੇ ਰਾਵੀ ਦਰਿਆ ‘ਤੇ ਦੋ ਪੌਂਟੂਨ ਪੁਲ ਸਤੰਬਰ 2023 ਦੇ ਅੰਤ ਤੱਕ ਬਣਾਉਣ ਲਈ ਤਿਆਰ ਹੈ। ਇੱਕ ਵਾਰ ਜਦੋਂ ਇਹ ਪੁਲ ਚਾਲੂ ਹੋ ਜਾਂਦੇ ਹਨ, ਤਾਂ ਕਿਸਾਨਾਂ ਨੂੰ ਆਪਣੇ ਪਸ਼ੂਆਂ ਅਤੇ ਹੋਰ ਹਲਕੀ ਖੇਤੀ-ਮਸ਼ੀਨਰੀ ਨੂੰ ਦਰਿਆ ਦੇ ਪਾਰ ਆਪਣੀਆਂ ਖੇਤੀ ਵਾਲੀਆਂ ਜ਼ਮੀਨਾਂ ਵੱਲ ਲਿਜਾਣ ਲਈ ਕਿਸ਼ਤੀਆਂ ਦੀ ਲੋੜ ਨਹੀਂ ਪਵੇਗੀ।
ਇਹ ਪੁਲ 4.62 ਕਰੋੜ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ, ਜੋ ਕਿ ਅਜਨਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਇੱਕ ਦਰਜਨ ਪਿੰਡਾਂ ਦੇ ਵਸਨੀਕਾਂ ਖਾਸ ਕਰਕੇ ਕਿਸਾਨਾਂ ਦੀ ਆਪਣੇ ਖੇਤਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਏਗੀ। ਇਸ ਪਹਿਲਕਦਮੀ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ।
ਰਾਵੀ ਦਰਿਆ ‘ਤੇ ਦੋ ਪੌਂਟੂਨ ਪੁਲ ਸਤੰਬਰ 2023 ਦੇ ਅੰਤ ਤੱਕ ਬਣਾਉਣ ਲਈ ਤਿਆਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅਜਨਾਲਾ ਬਲਾਕ ਦਾ ਇਲਾਕਾ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਹੈ ਅਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਅਤੇ ਖੇਤੀਬਾੜੀ ਦੇ ਕੰਮਾਂ ਲਈ ਰਾਵੀ ਦਰਿਆ ਪਾਰ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਲਈ ਨਿਰਧਾਰਤ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ ਇੱਥੇ ਸਥਾਈ ਪੁਲਾਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਸੂਬਾ ਸਰਕਾਰ ਨੇ ਇਹ ਪੌਂਟੂਨ ਪੁਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦਰਿਆ ਮੂਸਾ ਅਤੇ ਕੋਟ ਰਜਾਦਾ ਵਿਖੇ ਬਣਨ ਵਾਲੇ ਪੁਲਾਂ ਨਾਲ ਕਈ ਪਿੰਡਾਂ ਦੇ ਕਿਸਾਨਾਂ ਅਤੇ ਵਸਨੀਕਾਂ ਨੂੰ ਸਿੱਧਾ ਲਾਭ ਮਿਲੇਗਾ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪੁਲਾਂ ਦੇ ਨਿਰਮਾਣ ਤੋਂ ਬਾਅਦ ਕਿਸਾਨ ਆਪਣੀਆਂ ਫਸਲਾਂ ਦੀ ਬਿਜਾਈ ਅਤੇ ਵਾਢੀ ਦੇ ਮਕਸਦ ਨਾਲ ਆਪਣੇ ਟਰੈਕਟਰ ਟਰਾਲੀਆਂ ਨਾਲ ਰਾਵੀ ਦਰਿਆ ਦੇ ਪਾਰ ਆਸਾਨੀ ਨਾਲ ਆ-ਜਾ ਸਕਣਗੇ। ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋਵੇਂ ਪੌਂਟੂਨ ਪੁਲਾਂ ਦੀ ਉਸਾਰੀ ਲਈ ਕ੍ਰਮਵਾਰ 236.02 ਲੱਖ ਰੁਪਏ ਅਤੇ 226.34 ਲੱਖ ਰੁਪਏ ਦੀ ਪ੍ਰਬੰਧਕੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਸਬੰਧੀ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਪੌਂਟੂਨ ਪੁਲ ਇੱਕ ਫਲੋਟਿੰਗ ਬ੍ਰਿਜ ਹੈ ਜੋ ਵਿਸ਼ੇਸ਼ ਤੌਰ`ਤੇ ਪੈਦਲ ਚੱਲਣ ਵਾਲਿਆਂ ਅਤੇ ਹਲਕੇ ਵਾਹਨਾਂ ਲਈ ਬਣਾਇਆ ਜਾਂਦਾ ਹੈ
ਜ਼ਿਕਰਯੋਗ ਹੈ ਕਿ ਪੌਂਟੂਨ ਪੁਲ ਇੱਕ ਫਲੋਟਿੰਗ ਬ੍ਰਿਜ ਹੈ ਜੋ ਵਿਸ਼ੇਸ਼ ਤੌਰ`ਤੇ ਪੈਦਲ ਚੱਲਣ ਵਾਲਿਆਂ ਅਤੇ ਹਲਕੇ ਵਾਹਨਾਂ ਲਈ ਬਣਾਇਆ ਜਾਂਦਾ ਹੈ। ਪ੍ਰਸਤਾਵਿਤ ਪੁਲਾਂ ਦੀ ਵਰਤੋਂ 10 ਮੀਟ੍ਰਿਕ ਟਨ ਤੋਂ ਘੱਟ ਭਾਰ ਵਾਲੇ ਵਾਹਨਾਂ ਲਈ ਕੀਤੀ ਜਾ ਸਕਦੀ ਹੈ ਅਤੇ ਇਹ ਸਹੂਲਤ ਸਾਲ ਵਿੱਚ ਨੌਂ ਮਹੀਨਿਆਂ ਦੀ ਮਿਆਦ ਲਈ ਉਪਲਬਧ ਰਹੇਗੀ। ਮੰਤਰੀ ਨੇ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਇਨ੍ਹਾਂ ਪੁਲਾਂ ਨੂੰ ਹਟਾ ਕੇ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇਗਾ ਅਤੇ ਮੌਨਸੂਨ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਮੁੜ ਉਸੇ ਥਾਂ`ਤੇ ਸਥਾਪਿਤ ਕੀਤਾ ਜਾਵੇਗਾ।
ਈ.ਟੀ.ਓ. ਨੇ ਅੱਗੇ ਦੱਸਿਆ ਕਿ ਪੌਂਟੂਨ ਪੁਲ ਦੇ ਉਪਲਬਧ ਹੋਣ ਨਾਲ ਰਾਵੀ ਦਰਿਆ ਪਾਰ ਕਰਨ ਵਾਲੇ ਲੋਕਾਂ ਨੂੰ ਲੋੜ ਪੈਣ ‘ਤੇ ਸਮੇਂ ਸਿਰ ਡਾਕਟਰੀ ਸਹਾਇਤਾ ਦਾ ਲਾਭ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਪਸ਼ੂਆਂ ਨੂੰ ਲਿਆਉਣ ਅਤੇ ਲਿਜਾਣ ਲਈ ਵੀ ਲਾਹੇਵੰਦ ਸਿੱਧ ਹੋਣਗੇ ਕਿਉਂਕਿ ਮੌਜੂਦਾ ਸਮੇਂ ਵਿੱਚ ਕਿਸਾਨ ਪਸ਼ੂਆਂ ਨੂੰ ਲਿਆਉਣ ਅਤੇ ਲਿਜਾਣ ਲਈ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: ਗੈਰ-ਸਰਕਾਰੀ ਸੰਗਠਨਾਂ ਲਈ ਵਿੱਤੀ ਸਹਾਇਤਾ ਵਾਸਤੇ ਅਪਲਾਈ ਕਰਨ ਦੀ ਸਮਾਂ ਸੀਮਾ ਵਧਾਈ: ਬਲਜੀਤ ਕੌਰ
ਇਹ ਵੀ ਪੜ੍ਹੋ: ਪੰਜਾਬ ਦੇ 10 ਜ਼ਿਲ੍ਹਿਆਂ ‘ਚ ਸਾਰੇ ਪੇਂਡੂ ਘਰਾਂ ਵਿਚ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ : ਜਿੰਪਾ
ਇਹ ਵੀ ਪੜ੍ਹੋ: ਸਰਕਾਰ ਜਲਦ ਨਵੀਂ ਟ੍ਰਾਂਸਪੋਰਟ ਨੀਤੀ ਲੈ ਕੇ ਆਵੇਗੀ : ਟ੍ਰਾਂਸਪੋਰਟ ਮੰਤਰੀ
ਇਹ ਵੀ ਪੜ੍ਹੋ: ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ: ਮੀਤ ਹੇਅਰ
ਸਾਡੇ ਨਾਲ ਜੁੜੋ : Twitter Facebook youtube