- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰ ਮੁਕਤ ਸੂਬਾ ਨਹੀਂ ਬਣ ਜਾਂਦਾ: ਡੀਜੀਪੀ ਗੌਰਵ ਯਾਦਵ
- ਗੁਰਲਾਲ ਬਰਾੜ ਦੇ ਕਤਲ ਕਰਕੇ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਰਮਿਆਨ ਆਪਸੀ ਰੰਜਿਸ਼ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਕਤਲਾਂ ਦਾ ਦੌਰ ਸ਼ੁਰੂ ਹੋਇਆ
- ਪੰਜ ਕਤਲਾਂ ਨੂੰ ਅੰਜਾਮ ਦੇਣ ਵਾਲਾ ਗ੍ਰਿਫਤਾਰ ਗੈਂਗਸਟਰ ਨੀਰਜ ਚਸਕਾ 2019 ਤੋਂ ਸੀ ਫਰਾਰ : ਡੀਜੀਪੀ ਪੰਜਾਬ
ਚੰਡੀਗੜ੍ਹ, PUNJAB NEWS (Gangster Neeraj alias Chaska hails from Jaito in Faridkot and is the main shooter of the Bambiha gang.) : ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਜੰਮੂ ਤੋਂ ਦਵਿੰਦਰ ਬੰਬੀਹਾ ਗੈਂਗ ਦੇ ਅਤਿ ਲੋੜੀਂਦੇ ਸ਼ੂਟਰ ਨੀਰਜ ਚਸਕਾ ਨੂੰ ਸੋਪੂ (ਐਸਓਪੀਯੂ) ਦੇ ਪ੍ਰਧਾਨ ਗੁਰਲਾਲ ਬਰਾੜ ਦੇ ਸਨਸਨੀਖੇਜ਼ ਕਤਲ ਸਮੇਤ ਕਈ ਕਤਲਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗੁਰਲਾਲ ਬਰਾੜ, ਜੋ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ ਦਾ ਨਜ਼ਦੀਕੀ ਰਿਸ਼ਤੇਦਾਰ ਸੀ, ਦੇ ਕਤਲ ਕਰਕੇ ਦਵਿੰਦਰ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਰਮਿਆਨ ਆਪਸੀ ਦੁਸ਼ਮਣੀ ਸ਼ੁਰੂ ਹੋ ਗਈ ਸੀ, ਜਿਸ ਦੇ ਨਤੀਜੇ ਵਜੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਿੱਲੀ ਵਿੱਚ ਕਤਲਾਂ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ। ਗੁਰਲਾਲ ਬਰਾੜ ਦੀ ਅਕਤੂਬਰ 2020 ਵਿੱਚ ਚੰਡੀਗੜ੍ਹ ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਨੀਰਜ ਉਰਫ਼ ਚਸਕਾ ਫਰੀਦਕੋਟ ਦੇ ਜੈਤੋ ਦਾ ਰਹਿਣ ਵਾਲਾ ਹੈ ਅਤੇ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਹੈ, ਜੋ ਵਿਦੇਸ਼ ਵਿੱਚ ਰਹਿੰਦੇ ਵਾਂਟੇਡ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਸਤੰਬਰ 2016 ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਪੰਜਾਬ ਪੁਲਿਸ ਵੱਲੋਂ ਮਾਰੇ ਜਾਣ ਤੋਂ ਬਾਅਦ ਪਟਿਆਲ ਬੰਬੀਹਾ ਗੈਂਗ ਦਾ ਮੁੱਖ ਹੈਂਡਲਰ ਹੈ। ਨੀਰਜ 2019 ਤੋਂ ਫਰਾਰ ਸੀ।
ਗੈਂਗਸਟਰ ਨੀਰਜ ਉਰਫ਼ ਚਸਕਾ ਫਰੀਦਕੋਟ ਦੇ ਜੈਤੋ ਦਾ ਰਹਿਣ ਵਾਲਾ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲਣ ਉਪਰੰਤ ਕੀਤੀ ਗਈ ਕਾਰਵਾਈ ਦੌਰਾਨ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਨੀਰਜ ਉਰਫ਼ ਚਸਕਾ ਨੂੰ ਜੰਮੂ ਦੇ ਸਾਂਬਾ ਜ਼ਿਲ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ .30 ਬੋਰ ਅਤੇ .32 ਬੋਰ ਦੇ ਦੋ ਵਿਦੇਸ਼ੀ ਪਿਸਤੌਲਾਂ ਸਮੇਤ 17 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਗੁਰਲਾਲ ਦੇ ਕਤਲ ਤੋਂ ਇਲਾਵਾ ਨੀਰਜ ਅਗਸਤ 2019 ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਅਮਨਾ ਜੈਤੋ ਦੇ ਨਿਰਦੇਸ਼ਾਂ ’ਤੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਵਿੱਚ ਕਤਲ ਹੋਏ ਕਬੱਡੀ ਖਿਡਾਰੀ ਮਨੀ ਦੇ ਕਤਲ ਸਮੇਤ ਘੱਟੋ-ਘੱਟ ਚਾਰ ਹੋਰ ਕਤਲਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਨਾਂ ਮਾਰਚ 2021 ਵਿੱਚ ਅੰਬਾਲਾ ਵਿੱਚ ਪਰਦੀਪ ਉਰਫ ਪੰਜਾ ਅਤੇ ਰਾਹੁਲ ਦੀ ਹੱਤਿਆ ਦੇ ਦੋਹਰੇ ਕਤਲ ਕੇਸ ਨਾਲ ਵੀ ਜੁੜਿਆ ਹੋਇਆ ਹੈ।
ਡੀਜੀਪੀ ਨੇ ਦੱਸਿਆ ਕਿ ਨੀਰਜ ਚਸਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2020 ਵਿੱਚ ਚੰਡੀਗੜ੍ਹ ਦੇ ਸੈਕਟਰ 38 ਵਿੱਚ ਸੁਰਜੀਤ ਬਾਊਂਸਰ ਦਾ ਕਤਲ ਵੀ ਕੀਤਾ ਸੀ, ਜਿਸ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਕਿ ਬਾਊਂਸਰ ਅਮਿਤ ਸ਼ਰਮਾ ਦੀ ਸਕੇਤਰੀ ਵਿੱਚ ਹੋਈ ਹੱਤਿਆ ਦਾ ਬਦਲਾ ਲੈਣ ਲਈ ਸੁਰਜੀਤ ਬਾਊਂਸਰ ਨੂੰ ਮਾਰਿਆ ਗਿਆ ਹੈ।
ਯਾਦਵ ਨੇ ਕਿਹਾ ਕਿ ਨੀਰਜ ਉਰਫ਼ ਚਸਕਾ ਤੋਂ ਹੋਰ ਪੁੱਛਗਿੱਛ ਉਪਰੰਤ ਬੰਬੀਹਾ ਗੈਂਗ ਦੀਆਂ ਹੋਰ ਗਤੀਵਿਧੀਆਂ ਅਤੇ ਯੋਜਨਾਵਾਂ ਦਾ ਖੁਲਾਸਾ ਹੋਵੇਗਾ।
ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਈ ਸਾਥੀਆਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਲਾਲ ਬਰਾੜ ਦੀ ਹੱਤਿਆ ਵਿੱਚ ਸ਼ਾਮਲ ਹੋਣ ਕਾਰਨ ਨੀਰਜ ਉਰਫ਼ ਚਸਕਾ ਲਾਰੈਂਸ ਬਿਸ਼ਨੋਈ ਗੈਂਗ ਦੀ ਟਾਪ ਹਿੱਟਲਿਸਟ ਵਿੱਚ ਸੀ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।