- ਰਾਜ ਪੱਧਰੀ ਸਵੱਛ ਭਾਰਤ ਦਿਵਸ ਸਮਾਗਮ ਮੌਕੇ ਸੂਬੇ ਦੀਆਂ 23 ਪੰਚਾਇਤਾਂ ਦਾ ਸਨਮਾਨ
- ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਨੀ ਚਾਹੀਦੀ ਹੈ : ਜੈ ਕ੍ਰਿਸ਼ਨ ਸਿੰਘ ਰੋੜੀ
ਚੰਡੀਗੜ੍ਹ/ਹੁਸ਼ਿਆਰਪੁਰ, PUNJAB NEWS (State level Clean India Day was celebrated with full enthusiasm): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਵੱਛ ਭਾਰਤ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿਸ਼ਾਲ ਆਡੀਟੋਰੀਅਮ ਵਿਖੇ ਹੋਏ ਇਸ ਸਮਾਗਮ ਵਿਚ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ‘ਮੇਰਾ ਪਿੰਡ ਮੇਰੀ ਜਿੰਮੇਵਾਰੀ’ ਯੋਜਨਾ ਤਹਿਤ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸਾਂਭ-ਸੰਭਾਲ ਕਰਨ ਵਾਲੀਆਂ ਸੂਬੇ ਦੀਆਂ 23 ਪੰਚਾਇਤਾਂ ਨੂੰ 1-1 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਓ.ਡੀ.ਐਫ. ਪਲੱਸ ਫਿਲਮ ਮੁਕਾਬਲੇ ਦੀਆਂ ਜੇਤੂ 3 ਸਰਬੋਤਮ ਗਰਾਮ ਪੰਚਾਇਤਾਂ ਨੂੰ 10-10 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ‘ਹਰ ਘਰ ਜਲ’ ਮੁਹਿੰਮ ਤਹਿਤ ਪਿੰਡਾਂ ਹਰੇਕ ਘਰ ਵਿਚ 100 ਫੀਸਦੀ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਲੇ ਸੂਬੇ ਦੇ 15 ਜ਼ਿਲ੍ਹਿਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਵੱਛਤਾ ਸਬੰਧੀ ਨੁੱਕੜ ਨਾਟਕ, ਲਘੂ ਫਿਲਮ ਅਤੇ ਸਕੂਲ ਦੇ ਬੱਚਿਆਂ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੱਛਤਾ ਸਬੰਧੀ ਰਾਜ ਪੱਧਰੀ ਸਮਾਗਮ ਦੀ ਜ਼ਿੰਮੇਵਾਰੀ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਦੇ ਕੇ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਰੋਗ ਬਣਾਉਣਾ ਹੀ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਿਸ਼ਨ ਹੈ ਅਤੇ ਸੂਬਾ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਸੂਬਾ ਵਾਸੀਆਂ ਨੂੰ ਸਰਫੇਸ ਜਲ ਮੁਹੱਈਆ ਕਰਵਾਉਣ ਦਾ ਤਹੱਈਆ ਕੀਤਾ ਹੈ।
ਮਾਰਚ 2025 ਤੱਕ ਹਰੇਕ ਪਿੰਡ ਨੂੰ ਓ.ਡੀ.ਐਫ. ਪਲੱਸ ਐਲਾਨਣ ਲਈ ਯਤਨ ਤੇਜ਼
ਉਨ੍ਹਾਂ ਕਿਹਾ ਕਿ ਇਸ ਤਹਿਤ 1100 ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ-2 ਦੀ ਸੂਬੇ ਵਿਚ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਸਾਰੇ ਪਿੰਡਾਂ ਵਿਚ ਠੋਸ ਅਤੇ ਤਰਲ ਰਹਿੰਦ-ਖੂਹੰਦ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਚ 2025 ਤੱਕ ਹਰੇਕ ਪਿੰਡ ਨੂੰ ਓ.ਡੀ.ਐਫ. ਪਲੱਸ ਐਲਾਨਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਉਨ੍ਹਾਂ ਸਵੱਛਤਾ ਦੇ ਨਾਲ-ਨਾਲ ਖਾਣੇ ਦੀ ਬਰਬਾਦੀ ਨੂੰ ਵੀ ਰੋਕਣ ਅਤੇ ਨਸ਼ੇ ਦੇ ਖਾਤਮੇ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਨਾਲ ਹੋਰਨਾਂ ਪੰਚਾਇਤਾਂ ਨੂੰ ਵੀ ਸਵੱਛਤਾ ਦੇ ਖੇਤਰ ਵਿਚ ਬਿਹਤਰੀਨ ਕੰਮ ਕਰਨ ਲਈ ਉਤਸ਼ਾਹ ਮਿਲੇਗਾ।
ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਪਿੰਡ ਅੱਜੋਵਾਲ ਵਿਖੇ ਸਫਾਈ ਮੁਹਿੰਮ ਚਲਾ ਕੇ ਸਵੱਛ ਭਾਰਤ ਦਿਵਸ ਦੀ ਸ਼ੁਰੂਆਤ ਕਰਦਿਆਂ ਖੁਦ ਸਫਾਈ ਕੀਤੀ। ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੋੜੀ ਨੇ ਇਸ ਮੌਕੇ ਕਿਹਾ ਕਿ ਸਾਨੂੰ ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਘਰ ਤੇ ਆਲਾ-ਦੁਆਲਾ ਸਾਫ਼ ਹੋ ਜਾਵੇ ਤਾਂ ਸਾਰਾ ਦੇਸ਼ ਹੀ ਸਾਫ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੰਦਗੀ ਨਸ਼ੇ ਹਨ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਵਿਧਾਇਕ ਡਾ. ਰਵਜੋਤ ਸਿੰਘ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵੀ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ, ਕੂੜੇ ਦੇ ਸੁਚੱਜੇ ਪ੍ਰਬੰਧਨ ਅਤੇ ਪਾਣੀ ਦੀ ਸਾਂਭ-ਸੰਭਾਲ ’ਤੇ ਜ਼ੋਰ ਦਿੰਦਿਆਂ ਸਭਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦਾ ਸੱਦਾ ਦਿੱਤਾ।
ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਡੀ. ਕੇ. ਤਿਵਾੜੀ ਨੇ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸਵੱਛ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਸਾਰਿਆਂ ਨੂੰ ਸਫ਼ਾਈ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਗੰਦਗੀ ਕੰਟਰੋਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਚੀਫ ਇੰਜੀਨੀਅਰ ਕੇ.ਐਸ. ਸੈਣੀ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ ਜੋੜੇ ਨੂੰ ਮੌਤ ਇਸ ਤਰਾਂ ਖਿੱਚ ਲਿਆਈ ਹਰਿਆਣਾ
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੱਕ ਮੁਲਤਵੀ
ਸਾਡੇ ਨਾਲ ਜੁੜੋ : Twitter Facebook youtube