- ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਜਗਰਾਉਂ ਮੰਡੀ ਦਾ ਦੌਰਾ
- ਜਗਰਾਉਂ ਵਿਖੇ ਚੱਲ ਰਹੇ ਪੁਸਤਕ ਮੇਲੇ ਵਿੱਚ ਵੀ ਹੋਏ ਸ਼ਾਮਲ
ਲੁਧਿਆਣਾ PUNJAB NEWS (No problem of any kind will be allowed in the markets) : ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕ ਕੇ ਬਣਦੀ ਰਕਮ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਤੁਰੰਤ ਪਾਈ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫੂਡ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਵੱਲੋਂ ਜਗਰਾਉਂ ਮੰਡੀ ਵਿਖੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਲਗਾਉਂਦਿਆਂ ਕੀਤਾ ਗਿਆ। ਇਸ ਮੌਕੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਹਾਕਮ ਸਿੰਘ ਵਿਧਾਇਕ ਰਾਏਕੋਟ ਵੀ ਉਹਨਾਂ ਦੇ ਨਾਲ ਸਨ।
ਫੂਡ ਸਪਲਾਈ ਮੰਤਰੀ ਨੇ ਆਖਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਸਾਢੇ ਸੱਤ ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਸੱਤ ਲੱਖ ਮੀਟ੍ਰਿਕ ਟਨ ਦੀ ਖ੍ਰੀਦ ਹੋ ਚੁੱਕੀ ਹੈ ਤੇ 17 ਸੌ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾ ਚੁੱਕੇ ਹਨ। ਬਾਕੀ ਰਹਿੰਦੇ ਕਿਸਾਨਾਂ ਦਾ ਝੋਨਾਂ ਵੀ ਖ੍ਰੀਦ ਕੇ ਬਣਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
17 ਸੌ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾ ਚੁੱਕੇ ਹਨ
ਪੱਤਰਕਾਰਾਂ ਵੱਲੋਂ ਪੰਜਾਬ ਵਿੱਚ ਨਜਾਇਜ਼ ਚੱਲ ਰਹੇ ਸੈਲਰਾਂ ਦੇ ਸਬੰਧ ਵਿੱਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਖਿਆ ਕਿ ਪੰਜਾਬ ਭਰ ਵਿੱਚ ਕੁੱਝ ਵੀ ਨਜਾਇਜ਼ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੈਲਰਾਂ ਦੇ ਸਬੰਧ ਵਿੱਚ ਬਕਾਇਦਾ ਕਮੇਟੀ ਬਣਾਈ ਗਈ ਹੈ, ਜੋ ਜਾਂਚ ਕਰ ਰਹੀ ਹੈ ਅਤੇ ਨਜਾਇਜ਼ ਕੰਮ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀਂ ਜਾਵੇਗਾ।
ਮੰਤਰੀ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਉਹਨਾਂ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ। ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਵਿਖੇ ਚੱਲ ਰਹੇ ਪੁਸਤਕ ਮੇਲੇ ਵਿੱਚ ਵੀ ਸ਼ਾਮਲ ਹੋਏ ਅਤੇ ਪੁਸਤਕਾਂ, ਪੇਂਟਿੰਗ, ਬੂਟਿਆਂ ਆਦਿ ਦੀ ਪ੍ਰਦਰਸ਼ਨੀ ਵੇਖੀ ਅਤੇ ਕਲਾਕਾਰਾਂ ਦੀ ਪ੍ਰਸੰਸਾ ਕੀਤੀ ਅਤੇ ਕੁੱਝ ਕਿਤਾਬਾਂ ਵੀ ਖ੍ਰੀਦੀਆਂ।
‘ਜਿਸ ਘਰ ਵਿੱਚ ਧੀ ਅਤੇ ਕਿਤਾਬ ਨਾ ਹੋਵੇ, ਉਸ ਘਰ ਵਿੱਚ ਅਨੁਸ਼ਾਸ਼ਨ ਨਹੀਂ ਹੁੰਦਾ’
ਇਸ ਮੌਕੇ ਸੰਬੋਧਨ ਕਰਦੇ ਹੋਏ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਖਿਆ ਕਿ ‘ਜਿਸ ਘਰ ਵਿੱਚ ਧੀ ਅਤੇ ਕਿਤਾਬ ਨਾ ਹੋਵੇ, ਉਸ ਘਰ ਵਿੱਚ ਅਨੁਸ਼ਾਸ਼ਨ ਨਹੀਂ ਹੁੰਦਾ’। ਉਹਨਾਂ ਆਖਿਆ ਕਿ ਸਾਨੂੰ ਅਜਿਹੇ ਪੁਸਤਕ ਮੇਲੇ ਲਗਾਉਣੇ ਚਾਹੀਦੇ ਹਨ ਅਤੇ ਕੁਦਰਤ ਵੱਲੋਂ ਬਖਸ਼ੀਆਂ ਕਲਾ-ਕ੍ਰਿਤੀਆਂ ਦਾ ਅਨੰਦ ਮਾਨਣਾ ਚਾਹੀਦਾ ਹੈ। ਫੂਡ ਸਪਲਾਈ ਮੰਤਰੀ ਨੇ ਹਲਕਾ ਜਗਰਾਉਂ ਦੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਮੈਡਮ ਹਲਕੇ ਲਈ ਬਹੁਤ ਮਿਹਨਤ ਕਰ ਰਹੇ ਹਨ।
ਜਿਨ੍ਹਾਂ ਵੱਲੋਂ ਕੁੱਝ ਦਿਨ ਪਹਿਲਾਂ ਜਗਰਾਉਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨ ਮੇਲਾ ਕਰਵਾਇਆ ਗਿਆ ਹੈ ਅਤੇ ਹੁਣ ਪੁਸਤਕ ਮੇਲਾ ਕਰਵਾ ਰਹੇ ਹਨ ਅਤੇ ਜਗਰਾਉਂ ਵਿਖੇ ਵੱਡੇ ਵੱਡੇ ਪ੍ਰੋਜੈਕਟ ਲਿਆਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੰਤਰੀ ਸਾਹਿਬ ਅਤੇ ਵਿਧਾਇਕ ਮਾਣੂੰਕੇ ਦਾ ਸਨਮਾਨ ਕੀਤਾ ਗਿਆ ਅਤੇ ਪ੍ਰਸਿੱਧ ਚਿਤਰਕਾਰ ਗੁਰਪ੍ਰੀਤ ਸਿੰਘ ਮਣਕੂ ਵੱਲੋਂ ਆਪਣੇ ਹੱਥੀਂ ਬਣਾਈ ਹੋਈ ਪੇਂਟਿੰਗ ਵੀ ਮੰਤਰੀ ਨੂੰ ਭੇਂਟ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਐਸ.ਐਸ.ਪੀ. ਜਗਰਾਉਂ ਹਰਜੀਤ ਸਿੰਘ, ਐਸ.ਡੀ.ਐਮ.ਵਿਕਾਸ ਹੀਰਾ, ਪ੍ਰੋਫੈਸਰ ਸੁਖਵਿੰਦਰ ਸਿੰਘ, ਡੀ.ਐਫ.ਐਸ.ਸੀ. ਮਿਨਾਕਸ਼ੀ, ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 36ਵੀਆਂ ਕੌਮੀ ਖੇਡਾਂ; ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ ਰਿਕਾਰਡ ਨਾਲ ਦੋ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ
ਇਹ ਵੀ ਪੜ੍ਹੋ: 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਸਪ ਦਾ ਇੰਸਪੈਕਟਰ ਗ੍ਰਿਫਤਾਰ
ਇਹ ਵੀ ਪੜ੍ਹੋ: ਤਿੰਨ ਮਹੀਨੇ’ ਚ 350.5 ਕਿਲੋ ਹੈਰੋਇਨ ਜਬਤ ਕੀਤੀ : ਆਈਜੀਪੀ
ਸਾਡੇ ਨਾਲ ਜੁੜੋ : Twitter Facebook youtube