ਇੰਡੀਆ ਨਿਊਜ਼, ਚੰਡੀਗੜ੍ਹ/ਐਸਏਐਸਨਗਰ (Gangsters arrested with weapons): ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਬਠਿੰਡਾ ਦੀ ਸੁਸ਼ਾਂਤ ਸਿਟੀ ਵਿਖੇ ਛਾਪੇਮਾਰੀ ਦੌਰਾਨ ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜਨ ਭੱਟੀ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾਂ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਕਰੀਬੀ ਸਾਥੀ ਹੈ।
ਗ੍ਰਿਫ਼ਤਾਰ ਅਨਸਰਾਂ ਦੀ ਪਛਾਣ ਹਰਜਸਨੀਤ ਸਿੰਘ (32) ਵਾਸੀ ਪਿੰਡ ਕੋਟ ਸ਼ਮੀਰ, ਬਠਿੰਡਾ ਅਤੇ ਕਮਲਜੀਤ ਸਿੰਘ (26) ਵਾਸੀ ਪਿੰਡ ਗੁਲਾਬਗੜ੍ਹ, ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ .315 ਬੋਰ ਦੀ ਰਾਈਫਲ ਅਤੇ .30 ਬੋਰ ਦੀ ਸਟਾਰ ਮੇਕ ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ।
ਰਾਜਨ ਭੱਟੀ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ
ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮ ਰਾਜਨ ਭੱਟੀ, ਜਿਸ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਚੰਡੀਗੜ੍ਹ ਤੇ ਪੰਜਾਬ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਇਰਾਦਾ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ, ਦੀ ਐਸ.ਐਸ.ਓ.ਸੀ. ਪੁਲੀਸ ਦੀਆਂ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਟਿਕਾਣਿਆਂ ’ਤੇ ਵਾਰ-ਵਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਭੱਟੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਲੰਡਾ ਦੀ ਮਦਦ ਕਰਦਾ ਹੈ।
ਏਆਈਜੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸੁਸ਼ਾਂਤ ਸਿਟੀ ਬਠਿੰਡਾ ਵਿਖੇ ਛਾਪੇਮਾਰੀ ਕੀਤੀ ਜਿੱਥੋਂ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਰਾਜਨ ਭੱਟੀ ਨੂੰ ਪਨਾਹ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਪਨਸਪ ਦੇ ਜਨਰਲ ਮੈਨੇਜਰ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ
ਇਹ ਵੀ ਪੜ੍ਹੋ: ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ: ਬੈਂਸ
ਸਾਡੇ ਨਾਲ ਜੁੜੋ : Twitter Facebook youtube