India News (ਇੰਡੀਆ ਨਿਊਜ਼), Language Department Mohali, ਚੰਡੀਗੜ੍ਹ : ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਡਾ. ਹਰਮਿੰਦਰ ਸਿੰਘ ਸਿੱਧੂ ਦੀ ਪੁਸਤਕ ‘ਮਨ ਤਨ ਭਏ ਅਰੋਗਾ’ ’ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਡਾ. ਹਰਮਿੰਦਰ ਸਿੰਘ ਸਿੱਧੂ ਨੂੰ ‘ਮਨ ਤਨ ਭਏ ਅਰੋਗਾ’ ਲਈ ਮੁਬਾਰਕਬਾਦ ਦਿੰਦਿਆਂ ਇਸ ਪੁਸਤਕ ਨੂੰ ਅਜੋਕੀ ਭੱਜ-ਦੌੜ ਵਿਚ ਉਲਝੇ ਮਨੁੱਖ ਦੇ ਜ਼ਖ਼ਮੀ ਮਨ ਦੀ ਮਰ੍ਹਮ ਆਖਿਆ ਗਿਆ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਵਿਦਵਾਨਾਂ ਵੱਲੋਂ ਪੁਸਤਕ ਪ੍ਰਤੀ ਵਿਚਾਰ
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕਿਹਾ ਗਿਆ ਕਿ ਹਥਲੀ ਪੁਸਤਕ ਮਨੁੱਖੀ ਜੀਵਨ ਵਿਚ ਸਰੀਰਕ ਸਿਹਤ ਦੇ ਸਾਮਾਨਾਂਤਰ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਦ੍ਰਿੜਾਉਂਦੀ ਹੈ। ਮੁੱਖ ਮਹਿਮਾਨ ਡਾ. ਪਰਮਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਇਸ ਕਿਤਾਬ ਵਿੱਚ ਮਨੋਵਿਗਿਆਨਕ ਥੈਰੇਪੀਆਂ ਦੇ ਹਵਾਲੇ ਨਾਲ ਮਾਨਸਿਕ ਨਿਰੋਗਤਾ ਦੀਆਂ ਵਿਧੀਆਂ ਬਾਰੇ ਚਰਚਾ ਕੀਤੀ ਗਈ ਹੈ। ਵਿਸ਼ੇਸ਼ ਮਹਿਮਾਨ ਲਤੀਫ਼ ਅਹਿਮਦ ਵੱਲੋਂ ਕਿਹਾ ਗਿਆ ਕਿ ਮਾਨਸਿਕ ਸਿਹਤ ਸਹੂਲਤਾਂ ਦੀ ਅਣਹੋਂਦ ਵਿਚ ਇਹ ਪੁਸਤਕ ਸਵੈ-ਇਲਾਜ ਦੇ ਰਾਹ ਤੋਰਦੀ ਹੈ।
ਵਿਸ਼ੇਸ਼ ਮਹਿਮਾਨ ਡਾ.ਕੁਲਦੀਪ ਪੁਰੀ ਨੇ ਪੁਸਤਕ ਬਾਰੇ ਬੋਲਦਿਆਂ ਆਖਿਆ ਗਿਆ ਕਿ ਇਹ ਕਿਤਾਬ ਸਰੀਰਿਕ-ਮਾਨਸਿਕ ਤੰਦਰੁਸਤੀ ਵਿੱਚ ਸਿਹਤਮੰਦ ਚੌਗਿਰਦੇ ਦੀ ਭੂਮਿਕਾ ਨੂੰ ਅਗਰਭੂਮੀ ਵਿਚ ਲਿਆਉਂਦੀ ਹੈ। ਮੁੱਖ ਵਕਤਾ ਡਾ. ਕੁਲਵਿੰਦਰ ਸਿੰਘ ਵੱਲੋਂ ਹਥਲੀ ਪੁਸਤਕ ਬਾਬਤ ਬੋਲਦਿਆਂ ਕਿਹਾ ਗਿਆ ਕਿ ਅਜੋਕੇ ਮੰਡੀ ਦੇ ਦੌਰ ਵਿਚ ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਸਦਕਾ ਆਉਣ ਵਾਲੀਆਂ ਪੀੜ੍ਹੀਆਂ ਦੇ ਸਨਮੁੱਖ ਜਿਹੜੀਆਂ ਚੁਣੌਤੀਆਂ ਹੋਣਗੀਆਂ, ਇਹ ਕਿਤਾਬ ਉਨ੍ਹਾਂ ਪ੍ਰਤੀ ਸਾਨੂੰ ਸਸ਼ੱਕਤ ਕਰਦੀ ਹੈ।
ਛੋਟਿਆਂ ਅਤੇ ਵੱਡਿਆਂ ਸਭ ਲਈ ਲਾਭਕਾਰੀ:ਅਮਰਜੀਤ
ਚਰਚਾ ਨੂੰ ਅੱਗੇ ਤੋਰਦਿਆਂ ਡਾ. ਸ਼ਿੰਦਰਪਾਲ ਸਿੰਘ ਵੱਲੋਂ ਸਾਹਿਤਕ ਪ੍ਰਦੂਸ਼ਣ ਦੇ ਅਜੋਕੇ ਦੌਰ ਵਿਚ ਸਮੇਂ ਦੀ ਨਬਜ਼ ਪਛਾਣ ਕੇ ਗੱਲ ਕਰਨੀ ਡਾ. ਹਰਮਿੰਦਰ ਸਿੰਘ ਸਿੱਧੂ ਦੇ ਹਿੱਸੇ ਆਇਆ ਹੈ। ਡਾ. ਕੰਵਰ ਜਸਮਿੰਦਰ ਪਾਲ ਸਿੰਘ ਵੱਲੋਂ ਆਖਿਆ ਗਿਆ ਕਿ ਇਹ ਕਿਤਾਬ ਸਾਡੇ ਸਾਰਿਆਂ ਨਾਲ ਸਬੰਧਤ ਹੈ ਕਿਉਂਕਿ ਇਸ ਵਿਚ ਮਨੁੱਖ ਅਤੇ ਮਨੁੱਖ ਦੇ ਅੰਤਰਮਨ ਬਾਰੇ ਬੜੀ ਸਰਲ ਭਾਸ਼ਾ ਵਿਚ ਗੱਲ ਕੀਤੀ ਗਈ ਹੈ।
ਡਾ. ਅਮਰਜੀਤ ਸਿੰਘ ਵੱਲੋਂ ਆਖਿਆ ਗਿਆ ਕਿ ਇਸ ਕਿਤਾਬ ਦਾ ਛੋਟਿਆਂ ਅਤੇ ਵੱਡਿਆਂ ਸਭ ਲਈ ਲਾਭਕਾਰੀ ਹੈ। ਮਨਦੀਪ ਸਿੰਘ ਮਲੇਸ਼ੀਆ ਵੱਲੋਂ ਕਿਹਾ ਗਿਆ ਕਿ ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਤੰਦਰੁਸਤ ਮਾਨਸਿਕ ਸਿਹਤ ਦਾ ਰਾਜ਼ ਹਨ।
ਕਾਰਜ਼ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ
ਪ੍ਰੋ. ਵੀਰਦੇਵ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਕਿਤਾਬ ਮਾਨਸਿਕ ਸਿਹਤ, ਸਮੱਸਿਆਵਾਂ ਅਤੇ ਉਪਾਆਂ ਬਾਰੇ ਅੰਕੜੇ ਭਰਪੂਰ ਕਿਤਾਬ ਹੈ। ਡਾ. ਹਰਪ੍ਰੀਤ ਸਿੰਘ ਰਾਣਾ ਵੱਲੋਂ ਆਖਿਆ ਗਿਆ ਕਿ ਸਿਹਤਮੰਦ ਆਦਤਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਮੂਲ ਹਨ। ਪੁਸਤਕ ਦੇ ਲੇਖਕ ਡਾ. ਹਰਮਿੰਦਰ ਸਿੰਘ ਸਿੱਧੂ ਨੇ ਇਸ ਪੁਸਤਕ ਨੂੰ ਲਿਖਣ ਦੇ ਉਦੇਸ਼ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਪੁਸਤਕ ਮੁੱਖ ਰੂਪ ਵਿਚ ਉਨ੍ਹਾਂ ਖੇਤਰਾਂ ਵਿਚਲੇ ਲੋਕਾਂ ਦੀ ਮਦਦ ਲਈ ਲਿਖੀ ਗਈ ਹੈ। ਜਿਹੜੇ ਆਧੁਨਿਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਅਤੇ ਮਾਨਸਿਕ ਸਿਹਤ ਦੇ ਮਹੱਤਵ ਤੋਂ ਅਣਜਾਣ ਹਨ।
ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ਼ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਇਹ ਵੀ ਪੜ੍ਹੋ :Vigilance Caught Taking Bribe : ਮਿਲਕ ਪਲਾਂਟ ਦਾ ਮੈਨੇਜਰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ