India News (ਇੰਡੀਆ ਨਿਊਜ਼), Night shelters In Mohali, ਚੰਡੀਗੜ੍ਹ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਹੱਦਾਂ ਵਿੱਚ ਬਣਾਏ ਗਏ ਰੈਣ ਬਸੇਰਿਆਂ ਵਿੱਚ ਪੁਖਤਾ ਪ੍ਰਬੰਧਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਸਵੱਛ ਭਾਰਤ ਮਿਸ਼ਨ ਤਹਿਤ ਸਫਾਈ ਸਬੰਧੀ ਵੱਖ-ਵੱਖ ਮਾਪਦੰਡਾਂ ਦੀ ਪ੍ਰਗਤੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਏ.ਡੀ.ਸੀ. ਨੇ ਜ਼ੋਰ ਦੇ ਕੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਤਾਪਮਾਨ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਸਾਨੂੰ ਇਨਸਾਨੀਅਤ ਨਾਤੇ ਸੜਕਾਂ ‘ਤੇ ਭਟਕਦੇ ਬੇਘਰੇ ਵਿਅਕਤੀਆਂ ਨੂੰ ਰੈਣ ਬਸੇਰਾ ਮੁਹੱਈਆ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਰਪਿਤ ਟੀਮਾਂ ਨੂੰ ਸ਼ਹਿਰ ਦੇ ਖੇਤਰਾਂ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਪੁਲਾਂ ਦੇ ਹੇਠਾਂ ਜਾਂ ਫੁੱਟਪਾਥ ‘ਤੇ ਸੌਂ ਰਹੇ ਵਿਅਕਤੀਆਂ ਨੂੰ ਰੈਣ ਬਸੇਰਿਆਂ ਚ ਲਿਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸਮੇਂ ਜਾਂ ਧੁੰਦ ਦੇ ਮੌਸਮ ਵਿਚ ਵਾਹਨਾਂ ਦੀ ਆਵਾਜਾਈ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
ਆਰਜ਼ੀ ਸ਼ਰਨ ਦੇਣ ਲਈ ਲੋੜੀਂਦੇ ਐਨਕਲੋਜ਼ਰ
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਕਿਸੇ ਵੀ ਸੜਕ ਹਾਦਸੇ ਨੂੰ ਰੋਕਣ ਲਈ ਸ਼ਹਿਰੀ ਲੋਕਲ ਬਾਡੀਜ਼ ਨੂੰ ਵੀ ਪਸ਼ੂਆਂ ਨੂੰ ਨੇੜਲੇ ਕੈਟਲ ਪੌਂਡ ਵਿੱਚ ਤਬਦੀਲ ਕਰਕੇ ਸੜਕਾਂ ਤੋਂ ਦੂਰ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਸ਼ੂਆਂ ਦੀਆਂ ਗਰਦਨਾਂ ਦੇ ਨਾਲ ਹਨ੍ਹੇਰੇ ਚ ਚਮਕਣ ਵਾਲੇ ਕਾਲਰਾਂ ਜਾਂ ਰੇਡੀਅਮ ਟੇਪ ਦੀ ਵਰਤੋਂ ਨਾਲ ਵਾਹਨ ਚਾਲਕਾਂ ਅਤੇ ਪਸ਼ੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਮਨੁੱਖਾਂ ਦੇ ਨਾਲ-ਨਾਲ ਬੇਸਹਾਰਾ ਪਸ਼ੂਆਂ ਦੀ ਜਾਨ ਵੀ ਬਚਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੱਡੇ ਪਸ਼ੂਆਂ ਦੇ ਨਾਲ-ਨਾਲ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਐਂਬੂਲੈਂਸਾਂ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਨੂੰ ਆਰਜ਼ੀ ਸ਼ਰਨ ਦੇਣ ਲਈ ਲੋੜੀਂਦੇ ਐਨਕਲੋਜ਼ਰ ਵੀ ਬਣਾਏ ਜਾ ਸਕਦੇ ਹਨ।
ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਕੰਮਾਂ ਦਾ ਜਾਇਜ਼ਾ
ਏ ਡੀ ਸੀ ਮਾਨ ਨੇ ਨਵੇਂ ਬਣਨ ਵਾਲੇ ਐਸ ਟੀ ਪੀਜ਼ ਅਤੇ ਲਾਏ ਜਾਣ ਵਾਲੇ ਟਿਊਬਵੈੱਲਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਸਥਾਨਕ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਬਾਕੀ ਰਹਿੰਦੇ ਪ੍ਰੋਜੈਕਟਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਿਹਾ। ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸਾਫ਼-ਸਫ਼ਾਈ ਬਰਕਰਾਰ ਰੱਖਣ ਅਤੇ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਢੁਕਵੇਂ ਨਿਪਟਾਰੇ ਲਈ ਮਸ਼ੀਨੀ ਵਾਹਨਾਂ ਸਮੇਤ ਲੋੜੀਂਦੀ ਮਸ਼ੀਨਰੀ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਮੋਹਾਲੀ, ਡੇਰਾਬੱਸੀ ਅਤੇ ਖਰੜ ਦੇ ਐਸ.ਡੀ.ਐਮ. ਚੰਦਰਜੋਤੀ ਸਿੰਘ, ਹਿਮਾਂਸ਼ੂ ਗੁਪਤਾ ਅਤੇ ਗੁਰਮੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਮੁਹਾਲੀ ਦੇ ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ, ਕਾਰਜਕਾਰੀ ਇੰਜਨੀਅਰ ਕਮਲਦੀਪ ਸਿੰਘ, ਪੀ ਪੀ ਸੀ ਬੀ ਦੇ ਕਾਰਜਕਾਰੀ ਇੰਜਨੀਅਰ ਗੁਰਸ਼ਰਨ ਦਾਸ ਅਤੇ ਨਗਰ ਕੌਂਸਲਾਂ ਦੇ ਈ.ਓ. ਵੀ ਮੀਟਿੰਗ ਵਿੱਚ ਮੌਜੂਦ ਸਨ।