India News (ਇੰਡੀਆ ਨਿਊਜ਼), Firing At The Car, ਚੰਡੀਗੜ੍ਹ : ਮੋਗਾ – ਬਾਘਾ ਪੁਰਾਣਾ ਹਾਈਵੇ ਦੇ ਉੱਪਰ ਇੱਕ ਡੋਲੀ ਵਾਲੀ ਕਾਰ ਦੇ ਉੱਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਕਾਰ ਸਵਾਰਾਂ ਵੱਲੋਂ ਡੋਲੀ ਵਾਲੀ ਕਾਰ ਲੈ ਕੇ ਜਾ ਰਹੇ ਡਰਾਈਵਰ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ। ਫਾਇਰਿੰਗ ਦੇ ਵਿੱਚ ਕਾਰ ਦਾ ਡਰਾਈਵਰ ਗੰਭੀਰ ਜਖਮੀ ਹੋ ਗਿਆ ਹੈ ਜਿਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਦੋ ਵਿਅਕਤੀਆਂ ਵੱਲੋਂ ਬੁੱਕ ਕਰਵਾਈ ਸੀ ਕਾਰ
ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਵੱਲੋਂ ਡੋਲੀ ਵਾਲੀ ਕਾਰ ਨੂੰ ਬੁੱਕ ਕਰਵਾਇਆ ਗਿਆ ਸੀ। ਡਰਾਈਵਰ ਜਦੋਂ ਸ਼ੁਕਰਵਾਰ ਸਵੇਰੇ 10 ਵਜੇ ਦੇ ਕਰੀਬ ਕਾਰ ਲੈ ਕੇ ਮੋਗਾ – ਬਾਘਾ ਪੁਰਾਣਾ ਹਾਈਵੇ ਦੇ ਉੱਪਰੋਂ ਜਾ ਰਿਹਾ ਸੀ ਤਾਂ ਦੋ ਕਾਰ ਸਵਾਰ ਵਿਅਕਤੀਆਂ ਵੱਲੋਂ ਉਸਨੂੰ ਰੋਕਿਆ ਗਿਆ। ਕਾਰ ਡਰਾਈਵਰ ਵੱਲੋਂ ਕਾਰ ਰੋਕੇ ਜਾਣ ਤੇ ਆਪਸੀ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਉਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਡਰਾਈਵਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਅਤੇ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ।
ਰਾਹਗੀਰਾਂ ਨੇ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ
ਹਮਲਾਵਰਾਂ ਵੱਲੋਂ ਜ਼ਖਮੀ ਕੀਤੇ ਗਏ ਕਾਰ ਡਰਾਈਵਰ ਨੂੰ ਰੋਡ ਉੱਤੋਂ ਜਾ ਰਹੇ ਰਾਹਗੀਰਾਂ ਵੱਲੋਂ ਦੇਖਿਆ ਗਿਆ ਅਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿਥੋਂ ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿੱਥੇ ਜਖਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮਾਮਲੇ ਨੂੰ ਲੈ ਕੇ ਵੱਖ-ਵੱਖ ਐਂਗਲ ਤੋਂ ਜਾਂਚ ਕਰ ਰਹੀ ਹੈ।