India News (ਇੰਡੀਆ ਨਿਊਜ਼), MLA Kulwant Singh, ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ (ਐਸ.ਸੀ.ਏ) ਸ਼ਡਿਊਲਡ ਕਾਸਟ ਸਬ ਪਲਾਨ ਅਧੀਨ ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀ ਦੇ 22 ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਸਕੀਮ ਤਹਿਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਸਿਲਾਈ ਮਸ਼ੀਨਾਂ ਵੰਡਣ ਦੀ ਰਸ਼ਮ ਪਿੰਡ ਝਿਊਰਹੇੜੀ ਮੋਹਾਲੀ ਵਿਖੇ ਕੁਲਵੰਤ ਸਿੰਘ ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਕੀਤੀ ਗਈ।
ਇਸ ਮੌਕੇ ਤੇ ਪਿੰਡ ਵਿੱਚ ਰੱਖੇ ਗਏ ਇੱਕ ਸਮਾਗਮ ਦੇ ਦੌਰਾਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿੰਡ ਬੜਮਾਜਰਾ, ਜੁਝਾਰ ਨਗਰ ਅਤੇ ਬਲੌਂਗੀ ਵਿਖੇ ਸਿਲਾਈ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ, ਅਤੇ ਇਸੇ ਤਰ੍ਹਾਂ ਪਿੰਡ ਝਿਊਰਹੇੜੀ ਵਿਖੇ ਵੀ ਸਿਲਾਈ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਾਲੀਆਂ 22 ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ।
ਪੋਸ਼ਾਕਾਂ ਦੀ ਮਾਰਕੀਟਿੰਗ ਦੇ ਲਈ ਵੀ ਸਰਕਾਰ ਵੱਲੋਂ ਯਤਨ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੇ ਜਾਣ ਦਾ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ ਤਾਂ ਕਿ ਉਹ ਇਹਨਾਂ ਸਿਖਲਾਈ ਕੇਂਦਰਾਂ ਤੋਂ ਸਿਲਾਈ ਸਿਖਲਾਈ ਪ੍ਰਾਪਤ ਕਰਨ ਉਪਰੰਤ ਆਪਣੇ ਵੱਲੋਂ ਪੁਸ਼ਾਕਾਂ ਤਿਆਰ ਕਰਨ ਅਤੇ ਆਤਮ ਨਿਰਭਰ ਹੋ ਸਕਣ। ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਵਾਇਆ ਕਿ ਇਹਨਾਂ ਮਹਿਲਾਵਾਂ ਦੀ ਤਰਫੋਂ ਤਿਆਰ ਕੀਤੀਆਂ ਜਾ ਰਹੀਆਂ ਪੋਸ਼ਾਕਾਂ ਦੀ ਮਾਰਕੀਟਿੰਗ ਦੇ ਲਈ ਵੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਪਿੰਡ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਰਹਿ ਚੁੱਕੇ ਪ੍ਰਤੀਨਿਧਾਂ ਨੇ ਇਸ ਹਲਕੇ ਦੇ ਵਿੱਚ ਵਿਕਾਸ ਮੁਖੀ ਕਾਰਜਾਂ ਨੂੰ ਕੀਤੇ ਜਾਣ ਦੇ ਲਈ ਪ੍ਰਾਥਮਿਕਤਾ ਨਹੀਂ ਦਿੱਤੀ, ਤੇ ਜਿੰਨਾ ਵਿਕਾਸ ਇਸ ਹਲਕੇ ਦਾ ਹੋਣਾ ਚਾਹੀਦਾ ਸੀ, ਉਨਾ ਹਾਲੇ ਤੱਕ ਨਹੀਂ ਹੋਇਆ ਅਤੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ।
ਪਾਣੀ ਦੇ ਟਿਊਬਵੈਲ ਲਗਾਏ ਜਾਣ ਸਬੰਧੀ ਭਰੋਸਾ
ਉਹਨਾਂ ਪਿੰਡ ਵਾਸੀਆਂ ਨੂੰ ਪਾਣੀ ਦੇ ਟਿਊਬਵੈਲ ਲਗਾਏ ਜਾਣ ਸਬੰਧੀ ਭਰੋਸਾ ਦਵਾਇਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਪਿੰਡ ਵਿੱਚ ਪਾਣੀ ਦਾ ਟਿਊਬਵੈਲ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਦੀ ਹਾਲਤ ਮਾੜੀ ਹੈ,ਉਹਨਾਂ ਦੀ ਰਿਪੇਅਰ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਨਵੀਆਂ ਸੜਕਾਂ ਬਣਾਏ ਜਾਣ ਨੂੰ ਲੈ ਕੇ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਜਿਹੜੀਆਂ ਮਹਿਲਾਵਾਂ ਨੂੰ ਹਾਲੇ ਤੱਕ ਸਿਲਾਈ ਮਸ਼ੀਨਾਂ ਨਹੀਂ ਮਿਲੀਆਂ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਲਾਈ ਮਸ਼ੀਨਾਂ ਵਿਭਾਗ ਦੀ ਤਰਫੋਂ ਮੰਗਵਾ ਕੇ ਦੇ ਦਿੱਤੀ ਜਾਣਗੀਆਂ। ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਲੋਕਾਂ ਨਾਲ ਵਾਅਦੇ ਕਰਦੀ ਹੈ, ਉਸ ਨੂੰ ਸਮਾਂ ਰਹਿੰਦਿਆਂ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ :Covid-19 Prevention Advisory : ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ