Language Department Punjab : ਮੋਹਾਲੀ ਵਿਖੇ ਭਾਸ਼ਾ ਵਿਭਾਗ ਪੰਜਾਬ ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਆਯੋਜਿਤ

0
140
Language Department Punjab

India News (ਇੰਡੀਆ ਨਿਊਜ਼), Language Department Punjab, ਚੰਡੀਗੜ੍ਹ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਮੋਹਾਲੀ ਅਤੇ ਰੂਪਨਗਰ) ਅਤੇ ਮੁੱਖ ਵਕਤਾ ਵਜੋਂ ਪ੍ਰੋ. ਜਲੌਰ ਸਿੰਘ ਖੀਵਾ (ਸਾਬਕਾ ਪ੍ਰਿੰਸੀਪਲ, ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ) ਵੱਲੋਂ ਸ਼ਿਰਕਤ ਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰֹ’ ਕਹਿੰਦਿਆਂ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੀ ਗੱਲ ਆਖੀ ਗਈ।

ਪੰਜਾਬ ਸਰਕਾਰ ਵੱਲੋਂ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ

ਉਨ੍ਹਾਂ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ ਅਤੇ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ 01 ਜਨਵਰੀ 1948 ਨੂੰ ‘ਪੰਜਾਬੀ ਸੈਕਸ਼ਨ’ ਦੇ ਨਾਂ ਨਾਲ ਸਥਾਪਿਤ ਹੋਇਆ ਅਤੇ 1956 ਤੋਂ ‘ਭਾਸ਼ਾ ਵਿਭਾਗ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 1948 ਤੋਂ ਲੈ ਕੇ ਸਾਲ 2024 ਤੱਕ ਇਹ 76 ਸਾਲਾਂ ਦਾ ਹੋ ਗਿਆ ਹੈ।

ਉਨ੍ਹਾਂ ਆਖਿਆ ਕਿ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਜੋ ਬਹੁਤ ਹੀ ਸਲਾਹੁਣਯੋਗ ਹੈ। ਇਸ ਮੌਕੇ ਉਨ੍ਹਾਂ ਨੇਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੀਆਂ ਸਰਗਰਮੀਆਂ ਬਾਰੇ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ।

ਭਾਸ਼ਾ ਵਿਭਾਗ ਪੰਜਾਬ ਦੇ 76ਵੇਂ ਸਥਾਪਨਾ ਦਿਹਾੜੇ

ਮੁੱਖ ਮਹਿਮਾਨ ਐੱਸ. ਕੇ. ਅਗਰਵਾਲ ਵੱਲੋਂ ਆਪਣੇ ਭਾਸ਼ਣ ’ਚ ਬੋਲਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਮਨਾਏ ਜਾ ਰਹੇ ਭਾਸ਼ਾ ਵਿਭਾਗ ਪੰਜਾਬ ਦੇ 76ਵੇਂ ਸਥਾਪਨਾ ਦਿਹਾੜੇ ਸਦਕਾ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਸਾਹਿਤ ਨਾਲ ਹੋਈ ਹੈ।

ਸਾਹਿਤ ਮਨੁੱਖ ਲਈ ਇਕ ਥੈਰੇਪੀ ਵਾਂਗ ਕੰਮ ਕਰਦੇ ਹੈ। ਉਨ੍ਹਾਂ ਆਖਿਆ ਕਿ ਮਾਂ-ਬੋਲੀ ਪੰਜਾਬੀ ਸਦਕਾ ਹੀ ਮੈਂ ਅੱਜ ਇਸ ਮੁਕਾਮ ‘ਤੇ ਪਹੁੰਚਿਆ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਅਦਾਲਤੀ ਕਾਰਵਾਈ ਕਰਦਿਆਂ ਕਈ ਵਾਰ ਮਾਂ-ਬੋਲੀ ਸਾਡਾ ਸਹਾਰਾ ਬਣਦੀ ਹੈ।

ਮੁੱਖ ਬੁਲਾਰੇ ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਆਖਿਆ ਗਿਆ ਕਿ ਪੰਜਾਬੀ ਵਿਸ਼ਵ ਪੱਧਰ ਦੀ ਭਾਸ਼ਾ ਹੈ ਕਿਉਂਕਿ ਇਸ ਵਿਚ ਵਿਸ਼ਵ ਦੀਆਂ ਅਨੇਕ ਭਾਸ਼ਾਵਾਂ ਦੇ ਸ਼ਬਦ ਜਜ਼ਬ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸ਼ਬਦ ਦੀ ਮਹਿਮਾ ਇਸੇ ਕਰਕੇ ਕੀਤੀ ਗਈ ਹੈ ਕਿਉਂਕਿ ਸ਼ਬਦ ਦੇ ਪਿੱਛੇ ਇਕ ਪੂਰਾ ਸੰਕਲਪ ਕਾਰਜਸ਼ੀਲ ਹੁੰਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਕ ਸੁਚੇਤ ਭਾਸ਼ਾ ਵਿਗਿਆਨੀ ਅਤੇ ਖੋਜੀ ਆਖਿਆ।

ਇਨ੍ਹਾਂ ਤੋਂ ਇਲਾਵਾ ਸਤਵਿੰਦਰ ਸਿੰਘ ਧੜਾਕ, ਵਰਿੰਦਰ ਚੱਠਾ, ਧਿਆਨ ਸਿੰਘ ਕਾਹਲੋਂ,ਡਾ. ਪੰਨਾ ਲਾਲ ਮੁਸਤਫ਼ਾਬਾਦੀ, ਦਵਿੰਦਰ ਕੌਰ ਢਿੱਲੋਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਇਸ ਸਮਾਗਮ ਦੇ ਮੌਕੇ ਮਨਜੀਤ ਪਾਲ ਸਿੰਘ, ਅਜਮੇਰ ਸਾਗਰ, ਦਿਲਪ੍ਰੀਤ ਕੌਰ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਜਪਨੀਤ ਕੌਰ, ਪਰਦੀਪ ਸਿੰਘ, ਹਰਮਨ ਸਿੰਘ, ਗੁਰਸੇਵਕ ਸਿੰਘ, ਰਣਵੀਰ ਸਿੰਘ ਵੀ ਸ਼ਾਮਿਲ ਹੋਏ।

ਇਹ ਵੀ ਪੜ੍ਹੋ :Train Stop Demonstration : ਰੇਲ ਰੋਕੋ ਅੰਦੋਲਨ ਦੀ ਤਿਆਰੀ ਕਰ ਰਹੇ ਨਜ਼ਰਬੰਦ ਕੀਤੇ ਸਾਬਕਾ ਫੌਜੀ ਆਗੂ ਪੁਲਿਸ ਨੇ ਛੱਡੇ

 

SHARE