India News (ਇੰਡੀਆ ਨਿਊਜ਼), DC Ashika Jain, ਚੰਡੀਗੜ੍ਹ : ਟੈਲੀਕਾਮ ਟਾਵਰਾਂ ਦੀ ਸਥਾਪਨਾ ਵਿੱਚ ਰਸਮੀ ਕਾਰਵਾਈਆਂ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਤਹਿਤ, ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੀ ਐਸ ਪੀ ਸੀ ਐਲ ਦੇ ਅਧਿਕਾਰੀਆਂ ਨੂੰ ਹੁਣ ਤੋਂ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦੁਆਰਾ ਦਿੱਤੀ ਪ੍ਰਵਾਨਗੀ ਨੂੰ ਹੀ ਐਨ ਓ ਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਵਜੋਂ ਸਵੀਕਾਰ ਕਰਨ ਦੇ ਆਦੇਸ਼ ਦਿੱਤੇ ਹਨ।
ਜ਼ੀਰਕਪੁਰ ਦੇ ਇੱਕ ਕੇਸ ਜਿਸ ਵਿੱਚ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੇ ਟਾਵਰ ਲਗਾਉਣ ਲਈ ਕਮਰਸ਼ੀਅਲ ਪਾਵਰ ਕੁਨੈਕਸ਼ਨ ਜਾਰੀ ਕਰਨ ਤੋਂ ਪਹਿਲਾਂ ਫਰਮ ਤੋਂ ਨਗਰ ਕੌਂਸਲ ਰਾਹੀਂ ਵੱਖਰੀ ਐਨ.ਓ.ਸੀ. ਦੀ ਮੰਗ ਕੀਤੀ ਸੀ, ਦਾ ਫੈਸਲਾ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ ਜਦੋਂ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਨੇ ਪਹਿਲਾਂ ਹੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਵੱਖਰੀ ਐਨ ਓ ਸੀ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਰਾਜ ਦੁਆਰਾ ਬਣਾਈ ਗਈ ਕਮੇਟੀ ਪ੍ਰਵਾਨਗੀ ਦੀਆਂ ਗੈਰ-ਲੋੜੀਂਦੀਆਂ ਪ੍ਰਕਿਰਿਆਵਾਂ ਨੂੰ ਖਤਮ ਕਰਕੇ ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ।
ਮਨਜ਼ੂਰੀ ਤੋਂ ਬਿਨਾਂ ਲਗਾਏ ਗਏ ਟਾਵਰਾਂ ਨਾਲ ਸਖ਼ਤੀ
ਉਨ੍ਹਾਂ ਕਿਹਾ ਕਿ ਕਮੇਟੀ ਸਿਰਫ਼ ਉਨ੍ਹਾਂ ਮਾਮਲਿਆਂ ‘ਤੇ ਵਿਚਾਰ ਕਰਦੀ ਹੈ, ਜਿਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਉਸ ਤੋਂ ਬਾਅਦ ਵੱਖਰੀ ਐਨ ਓ ਸੀ ਦੀ ਮੰਗ ਕਰਨਾ ਠੀਕ ਨਹੀਂ ਹੈ, ਜਿਸ ਕਾਰਨ ਪ੍ਰੇਸ਼ਾਨੀ ਹੁੰਦੀ ਹੈ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਨੇ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਲਗਾਏ ਗਏ ਟਾਵਰਾਂ ਨਾਲ ਵੀ ਸਖ਼ਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ।
ਸੰਨੀ ਇਨਕਲੇਵ ਦੇ ਇੱਕ ਬਿਨੈਕਾਰ ਦੀ ਉਸ ਦੇ ਟਾਵਰ, ਜਿਸਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਦੀ ਸਥਾਪਨਾ ਨੂੰ ਰੈਗੂਲਰ ਕਰਨ ਲਈ ਦਿੱਤੀ ਅਰਜ਼ੀ ਨੂੰ ਰੱਦ ਕਰਦੇ ਹੋਏ, ਕਮੇਟੀ ਨੇ ਸਥਾਨਕ ਲੋਕਾਂ ਦੀ ਇਸ ਟਾਵਰ ਦੀ ਸਥਾਪਨਾ ਦੀ ਇਜਾਜ਼ਤ ਨਾ ਦੇਣ ਦੀ ਮੰਗ ਨੂੰ ਸਵੀਕਾਰ ਕਰਨ ਤੇ ਸਹਿਮਤੀ ਦਿੱਤੀ।
ਰਿਹਾਇਸ਼ੀ ਇਮਾਰਤ ਦੀ ਛੱਤ ’ਤੇ ਬਣਾਏ ਮੋਬਾਈਲ ਟਾਵਰ ਖ਼ਿਲਾਫ਼ ਕਾਰਵਾਈ
ਇਸੇ ਤਰ੍ਹਾਂ ਉਨ੍ਹਾਂ ਗਮਾਡਾ ਨੂੰ ਸੈਕਟਰ 78 ਵਿੱਚ ਲਗਾਏ ਉਸ ਟਾਵਰ ਨੂੰ ਵੀ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਹਨ, ਜਿਸ ਦੀ ਸਥਾਪਨਾ ਲਈ ਸਮਰੱਥ ਅਧਿਕਾਰੀ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਕਮੇਟੀ ਨੇ ਮੋਹਾਲੀ ਦੇ ਫੇਜ਼ 7 ਵਿੱਚ ਨਿੱਜੀ ਰਿਹਾਇਸ਼ੀ ਇਮਾਰਤ ਦੀ ਛੱਤ ’ਤੇ ਬਣਾਏ ਮੋਬਾਈਲ/ਬੀਟੀਐਸ ਟਾਵਰ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਸਥਾਨਕ ਇਲਾਕਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਵੇਂ ਉਹ ਗਮਾਡਾ ਹੋਵੇ ਜਾਂ ਅਰਬਨ ਲੋਕਲ ਬਾਡੀ, ਬਿਨਾਂ ਮਨਜ਼ੂਰੀ ਦੇ ਟਾਵਰ ਲਗਾਉਣ ਵਾਲੇ ਵਿਰੁੱਧ ਤੁਰੰਤ ਕਾਰਵਾਈ ਕਰਨ।
ਪਿੰਡਾਂ ਵਿੱਚ ਮੋਬਾਈਲ ਫ਼ੋਨ ਦੀ ਬਿਹਤਰ ਕਵਰੇਜ ਨਹੀਂ
ਉਨ੍ਹਾਂ ਨੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਬਿਹਤਰ ਸੰਚਾਰ ਸਹੂਲਤ ਪ੍ਰਦਾਨ ਕਰਨ ਲਈ ਪੇਂਡੂ ਖੇਤਰਾਂ/ਅਨਕਵਰਡ ਸਰਵਿਸ ਖੇਤਰਾਂ ਵਿੱਚ ਟਾਵਰ ਲਗਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਦੇ ਜਿਨ੍ਹਾਂ ਪਿੰਡਾਂ ਵਿੱਚ ਮੋਬਾਈਲ ਫ਼ੋਨ ਦੀ ਬਿਹਤਰ ਕਵਰੇਜ ਨਹੀਂ ਹੈ।
ਉਨ੍ਹਾਂ ਨੇ ਇੱਕ ਵਾਰ ਆਪਣੇ ਪਿੰਡਾਂ ਵਿੱਚ ਮੋਬਾਈਲ ਟਾਵਰ ਲਗਾਉਣ ਦੀ ਮੰਗ ਕੀਤੀ ਸੀ, ਜਿਨ੍ਹਾਂ ਦੀ ਹੁਣ ਤੱਕ ਮੰਗੇ ਛੇ ਟਾਵਰਾਂ ਵਿੱਚੋਂ ਚਾਰ ਦੀ ਪੂਰਤੀ ਹੋ ਚੁੱਕੀ ਹੈ ਅਤੇ ਬਾਕੀ ਦੋ ਟਾਵਰ ਵੀ ਜਲਦੀ ਹੀ ਮਨਜ਼ੂਰੀ ਮਿਲਣ ‘ਤੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਹੁਣ ਤੱਕ 78 ਟਾਵਰਾਂ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਇਹ ਵੀ ਪੜ੍ਹੋ :Preparation For Republic Day : ਗਣਤੰਤਰ ਦਿਵਸ ਦੀ ਤਿਆਰੀ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ