India News (ਇੰਡੀਆ ਨਿਊਜ਼), MLA Dr. Charanjit Singh, ਚੰਡੀਗੜ੍ਹ : ਮੁੱਖ ਮੰਤਰੀ, ਭਗਵੰਤ ਸਿੰਘ ਮਾਨ, ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੇਵਲ ਪੌਣੇ ਦੋ ਸਾਲ ਦੇ ਅਰਸੇ ਦੌਰਾਨ ਹੀ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ ਹਨ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਪਿੰਡ ਮਦਨਹੇੜੀ ਦੇ ਸਰਕਾਰੀ ਸਕੂਲ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਨਵੇਂ ਭਰਤੀ ਕੀਤੇ 7 ਆਂਗਨਵਾੜੀ ਹੈਲਪਰਾਂ ਅਤੇ 1 ਆਂਗਨਵਾੜੀ ਵਰਕਰ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਆਖੀ।
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ, ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ, ਪਰੰਤੂ ਉਹਨਾਂ ਵੱਲੋਂ ਪਿਛਲੇ 21 ਮਹੀਨਿਆਂ ਦੌਰਾਨ 40 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਡਾ. ਚਰਨਜੀਤ ਸਿੰਘ ਨੇ ਦਸਿਆ ਕਿ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਰਾਜ ਅੰਦਰ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨਾਲ ਸਿਰਫ ਕਾਬਲ, ਹੱਕਦਾਰ ਤੇ ਲੋੜਵੰਦ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
80 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਰੰਗਲਾ ਪੰਜਾਬ’ ਸਿਰਜਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਪਹਿਲ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਪਿਛਲੇ ਸਾਲ ਵੀ ਅਤੇ ਇਸ ਵਾਰ ਸੀਜ਼ਨ-2 ਕਰਵਾਇਆ ਗਿਆ ਅਤੇ 6 ਕਰੋੜ ਤੋਂ ਵੱਧ ਰਾਸ਼ੀ ਦੇ ਇਨਾਮ ਖਿਡਾਰੀਆਂ ਨੂੰ ਦਿੱਤੇ ਗਏ ਹਨ।
ਇਸ ਦੇ ਨਾਲ ਖੇਡਣ ਵਾਲੇ ਬੱਚਿਆਂ ਲਈ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਜੋ ਬਿਜਲੀ ਦਾ ਵਾਅਦਾ ਕੀਤਾ ਗਿਆ ਸੀ, 600 ਯੂਨਿਟ ਇਕ ਬਹੁਤ ਹੀ ਵੱਡੀ ਪ੍ਰਾਪਤੀ ਹੈ ਕਿ ਅੱਜ 80 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ।
ਸਕੂਲਾਂ ਦੇ ਨਵੀਨੀਕਰਨ ਲਈ 18 ਕਰੋੜ ਰੁਪਿਆ ਦਿੱਤਾ
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਵਧੀਆਂ ਬਣਾਏ ਜਾ ਰਹੇ ਹਨ। ਹਲਕੇ ਵਿੱਚ ਸਕੂਲਾਂ ਦੇ ਨਵੀਨੀਕਰਨ ਲਈ 18 ਕਰੋੜ ਰੁਪਿਆ ਦਿੱਤਾ ਗਿਆ ਹੈ। 60 ਪ੍ਰਤੀਸ਼ਤ ਸਕੂਲ ਅਜਿਹੇ ਸਨ ਜਿੰਨ੍ਹਾਂ ਦੀਆਂ ਚਾਰ ਦਿਵਾਰੀਆਂ ਨਹੀਂ ਸਨ ਅਤੇ 60 ਪ੍ਰਤੀਸ਼ਤ ਅਜਿਹੇ ਸਨ ਜਿਥੇ ਬੱਚੇ ਥੱਲੇ ਤੱਪੜਾਂ ਤੇ ਬੈਠਦੇ ਸਨ।
ਇਸੇ ਤਹਿਤ ਪੰਜਾਬ ਸਰਕਾਰ ਦਾ ਮਾਰਚ 2024 ਤੱਕ ਦਾ ਟੀਚਾ ਹੈ ਕਿ ਕੋਈ ਵੀ ਸਕੂਲ ਅਜਿਹਾ ਨਹੀਂ ਹੋਵੇਗਾ ਕਿ ਜਿਥੇ ਚਾਰਦਿਵਾਰੀ ਨਾ ਹੋਵੇ, ਬੱਚੇ ਥੱਲੇ ਬੈਠਦੇ ਹੋਣ, ਡੈਸਕ ਨਾ ਹੋਣ। ਇਸ ਤੋਂ ਇਲਾਵਾਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਇਲਾਕੇ ਵਿੱਚ 10 ਨਵੀਆਂ ਡਿਸਪੈਸਰੀਆਂ ਬਣਾਈਆਂ ਜਾ ਰਹੀਆਂ ਹਨ ਅਤੇ 50 ਬੈਂਡ ਦਾ ਹਸਪਤਾਲ ਚਮਕੌਰ ਸਾਹਿਬ ਵਿਖੇ ਜਲਦੀ ਹੀ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Preparation For Republic Day : ਗਣਤੰਤਰ ਦਿਵਸ ਦੀ ਤਿਆਰੀ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ