India News (ਇੰਡੀਆ ਨਿਊਜ਼), District Language Officer, ਚੰਡੀਗੜ੍ਹ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਨਾਏ ਗਏ ਭਾਸ਼ਾ ਵਿਭਾਗ, ਪੰਜਾਬ ਦੇ 76ਵਾਂ ਸਥਾਪਨਾ ਦਿਹਾੜੇ ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਆਪਣੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਜ਼ੁਬਾਨ ਦਾ ਦਫ਼ਤਰੀ ਆਰੰਭ ਪਟਿਆਲਾ ਵਿਖੇ 01 ਜਨਵਰੀ 1948 ਨੂੰ ‘ਪੰਜਾਬੀ ਸੈਕਸ਼ਨ’ ਦੀ ਸਥਾਪਨਾ ਨਾਲ ਹੋਇਆ ਅਤੇ 1956 ਤੋਂ ‘ਭਾਸ਼ਾ ਵਿਭਾਗ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 1948 ਤੋਂ ਲੈ ਕੇ ਸਾਲ 2024 ਤੱਕ ਪੰਜਾਬੀ ਮਾਂ-ਬੋਲੀ ਦੇ ਸਫ਼ਰ ਦਾ ਇਹ ਪੈਂਡਾ 76 ਸਾਲਾਂ ਦਾ ਹੋ ਗਿਆ ਹੈ ਜੋ ਕਿ ਇਸ ਦੇ ਸ਼ਾਨਾਮੱਤੇ ਇਤਿਹਾਸ ਦੀ ਵਿਲੱਖਣ ਅਤੇ ਅਮਿੱਟ ਪੈੜ ਹੈ।
‘ਰਾਜ ਪੱਧਰੀ ਪੁਸਤਕ ਮੇਲਾ’ ਲਗਾਇਆ ਗਿਆ
ਡਾ. ਬੋਹਾ ਨੇ 76ਵੀਂ ਵਰ੍ਹੇਗੰਢ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵੱਲੋਂ ਇਸ ਸਾਲ ਕੀਤੇ ਨਿਵੇਕਲੇ ਕਾਰਜਾਂ ਬਾਰੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਦਾ ਪਹਿਲਾ ਸਮਾਰਟ ਦਫ਼ਤਰ ਹੈ ਜਿਸ ਦੇ ਕਮਰਿਆਂ ਦੀਆਂ ਕੰਧਾਂ ਮਾਂ-ਬੋਲੀ ਪੰਜਾਬੀ ਦੀ ਬਾਤ ਪਾਉਂਦੀਆਂ ਹਨ।
ਸਾਹਿਤਕਾਰਾਂ ਅਤੇ ਪਾਠਕਾਂ ਅੰਦਰ ਵਿਸ਼ੇਸ਼ ਖਿੱਚ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਹੋਰ ਨਾਮਵਰ ਹਸਤੀਆਂ ਵੱਲੋਂ ਦਫ਼ਤਰ ਦੀ ਸਮੇਂ-ਸਮੇਂ ਸਿਰ ਵਿਜ਼ਿਟ ਕੀਤੀ ਜਾ ਚੁੱਕੀ ਹੈ। ਦਫ਼ਤਰ ਵੱਲੋਂ ਪੰਜਾਬੀ ਮਾਹ ਦੇ ਦੌਰਾਨ ਮਿਤੀ 20 ਤੋਂ 23 ਨਵੰਬਰ 2023 ਤੱਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੰਦਰ ਪਹਿਲੀ ਵਾਰ ਚਾਰ ਰੋਜ਼ਾ ‘ਰਾਜ ਪੱਧਰੀ ਪੁਸਤਕ ਮੇਲਾ’ ਲਗਾਇਆ ਗਿਆ ਜਿਸ ਵਿਚ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਪੁਸਤਕ ਮੇਲੇ ਦਾ ਉਦਘਾਟਨ ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਤਿਆਰ ਕਿਤਾਬ ‘ਪੈੜ’ ਨੂੰ ਵੀ ਉਨ੍ਹਾਂ ਵੱਲੋਂ ਲੋਕ ਅਰਪਣ ਵੀ ਕੀਤਾ ਗਿਆ।
ਦਫ਼ਤਰ ਵਿਖੇ ਕੰਪਿਊਟਰ ਲੈਬ ਵੀ ਤਿਆਰ ਕੀਤੀ ਗਈ
ਉਨ੍ਹਾਂ ਇਹ ਵੀ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਫ਼ਤਰ ਦਾ ਇਹ ਨਿਵੇਕਲਾ ਉਪਰਾਲਾ ਹੈ ਕਿ ਲੋਕ ਜਾਗਰੂਕਤਾ ਲਈ ਪੈਂਤੀ ਅੱਖਰੀ ਅੰਕਿਤ 2000 ਜੂਟ ਦੇ ਝੋਲੇ ਬਣਵਾ ਕੇ ਵੀ ਵੰਡੇ ਗਏ ਹਨ। ਇਸ ਤੋਂ ਇਲਾਵਾ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਨ ਦੇ ਉਪਰਾਲੇ ਵਜੋਂ ਜ਼ਿਲ਼੍ਹੇ ਦੇ ਸਕੂਲਾਂ/ਕਾਲਜਾਂ ਅੰਦਰ 158 ਭਾਸ਼ਾ ਮੰਚਾਂ ਦੀ ਸਥਾਪਨਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਸਟੈਨੋਗ੍ਰਾਫ਼ੀ ਦੀ ਸਿਖਲਾਈ ਦੇ ਨਾਲ-ਨਾਲ ਇਸ ਸਾਲ ਉਰਦੂ ਆਮੋਜ਼ ਸਿਖਲਾਈ ਦੀ ਵੀ ਇਸ ਦਫ਼ਤਰ ਵਿਖੇ ਸ਼ੁਰੂਆਤ ਕੀਤੀ ਗਈ ਹੈ। ਡਾ. ਬੋਹਾ ਨੇ ਇਹ ਵੀ ਦੱਸਿਆ ਕਿ ਦਫ਼ਤਰ ਵਿਖੇ ਸਟੈਨੋਗ੍ਰਾਫ਼ੀ ਸਿਖਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਇਸ ਦਫ਼ਤਰ ਵਿਖੇ ਕੰਪਿਊਟਰ ਲੈਬ ਵੀ ਤਿਆਰ ਕੀਤੀ ਗਈ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 75 ਸਾਲਾਂ ਦੇ ਇਤਿਹਾਸ ‘ਚ’ ਪਹਿਲੀ ਵਾਰ ਹੋਇਆ ਹੈ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਟੈਨੋਗ੍ਰਾਫ਼ੀ ਸਿਖਿਆਰਥਣਾਂ ਨੇ ਚਾਰ ਰੋਜ਼ਾ ਰਾਜ ਪੱਧਰੀ ਪੁਸਤਕ ਮੇਲੇ ਦੌਰਾਨ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਅਤੇ ਸ੍ਰੋਤਿਆਂ ਅੰਦਰ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।