ਇੰਡੀਆ ਨਿਊਜ਼, ਜੰਮੂ (DG Jail Jammu and Kashmir murder case): ਪੁਲਿਸ ਨੇ ਜੰਮੂ-ਕਸ਼ਮੀਰ ਦੇ ਡੀਜੀ ਜੇਲ੍ਹ ਹੇਮੰਤ ਕੁਮਾਰ ਲੋਹੀਆ ਦੇ ਬੇਰਹਿਮੀ ਨਾਲ ਕਤਲ ਦੇ ਮੁੱਖ ਆਰੋਪੀ ਯਾਸਿਰ ਅਹਿਮਦ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ‘ਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਵਾਰਦਾਤ ਦੇ 12 ਘੰਟਿਆਂ ਦੇ ਅੰਦਰ ਯਾਸਿਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯਾਸਿਰ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਵਾਰਦਾਤ ਵਾਲੀ ਥਾਂ ਤੋਂ 12 ਕਿਲੋਮੀਟਰ ਦੂਰ ਕਾਨਾ ਚੱਕ ਪਿੰਡ ਦੇ ਖੇਤਾਂ ਵਿੱਚ ਲੁਕਿਆ ਹੋਇਆ ਸੀ। ਇਹ ਪਿੰਡ ਭਾਰਤ-ਪਾਕਿ ਸਰਹੱਦ ਦੇ ਨੇੜੇ ਹੋਣ ਕਾਰਨ ਸ਼ੱਕ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਸਰਹੱਦ ਪਾਰ ਕਰਕੇ ਪਾਕਿਸਤਾਨ ਵੱਲ ਭੱਜਣ ਦੀ ਕੋਸ਼ਿਸ਼ ਵਿੱਚ ਸੀ।
ਸੋਮਵਾਰ ਦੇਰ ਰਾਤ ਡੀਜੀ ਜੇਲ੍ਹ ਦਾ ਕਤਲ ਕਰ ਦਿੱਤਾ ਗਿਆ
ਦੱਸਣਯੋਗ ਹੈ ਕਿ ਸੋਮਵਾਰ ਦੇਰ ਰਾਤ ਡੀਜੀ ਜੇਲ੍ਹ ਹੇਮੰਤ ਕੁਮਾਰ ਲੋਹੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਉਨ੍ਹਾਂ ਦੇ ਨੌਕਰ ਯਾਸਿਰ ਅਹਿਮਦ ਨੇ ਉਸ ਸਮੇਂ ਕੀਤਾ ਜਦੋਂ ਉਹ ਕਮਰੇ ਵਿੱਚ ਇਕੱਲੇ ਸਨ। ਇਸ ਦੌਰਾਨ ਉਸ ਨੇ ਯਾਸਿਰ ਨੂੰ ਪੈਰਾਂ ਦੀ ਮਸਾਜ ਲਈ ਕਮਰੇ ‘ਚ ਬੁਲਾਇਆ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਡੀਜੀ ਦੀ ਚੀਕ ਸੁਣਾਈ ਦਿੱਤੀ l ਜਦੋਂ ਉਹ ਡੀਜੀਪੀ ਦੇ ਕਮਰੇ ਵਿੱਚ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।
ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਡੀਜੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਉਸ ਦਾ ਗਲਾ ਕੱਚ ਦੀ ਬੋਤਲ ਨਾਲ ਕੱਟਿਆ ਗਿਆ ਸੀ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਕਈ ਜ਼ਖ਼ਮ ਸਨ। ਡੀਜੀਪੀ ਦੇ ਸਿਰਹਾਣੇ ਅਤੇ ਚਾਦਰਾਂ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਨੌਕਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੇ ਦਰਵਾਜ਼ੇ ਰਾਹੀਂ ਫਰਾਰ ਹੋ ਗਿਆ ਸੀ।
ਅੱਤਵਾਦੀ ਸੰਗਠਨ ਨੇ ਕਤਲ ਦੀ ਜ਼ਿੰਮੇਵਾਰੀ ਲਈ
ਹਾਲਾਂਕਿ ਸੂਬਾ ਪੁਲਿਸ ਡੀਜੀ ਜੇਲ੍ਹ ਜੰਮੂ-ਕਸ਼ਮੀਰ ਦੀ ਹੱਤਿਆ ਨੂੰ ਅੱਤਵਾਦੀ ਵਾਰਦਾਤ ਨਹੀਂ ਮੰਨ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ ਕਿ ਇਸ ਕਤਲ ਨਾਲ ਕੋਈ ਵੀ ਅੱਤਵਾਦੀ ਸਬੰਧ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਮੰਗਲਵਾਰ ਸਵੇਰੇ ਹੋਏ ਕਤਲ ਤੋਂ ਬਾਅਦ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (PAFF) ਨਾਂ ਦੇ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੋਸਟ ਜਾਰੀ ਕੀਤਾ ਹੈ। ਜਿਸ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਭਾਰਤ ਦੇ ਗ੍ਰਹਿ ਮੰਤਰੀ ਲਈ ਤੋਹਫ਼ਾ ਦੱਸਿਆ ਹੈ। ਇਸ ਦੇ ਨਾਲ ਹੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਕਿਸੇ ਵੀ ਅਜਿਹੇ ਵੱਡੇ ਨਿਸ਼ਾਨੇ ਨੂੰ ਮਾਰ ਸਕਦੇ ਹਾਂ।
ਇਹ ਵੀ ਪੜ੍ਹੋ: ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਅਲਰਟ
ਇਹ ਵੀ ਪੜ੍ਹੋ: ਸੋਮਾਲੀਆ’ ਚ 3 ਮਿਲੀਅਨ ਅਮਰੀਕੀ ਡਾਲਰ ਦਾ ਇਨਾਮੀ ਅੱਤਵਾਦੀ ਮਾਰਿਆ ਗਿਆ
ਸਾਡੇ ਨਾਲ ਜੁੜੋ : Twitter Facebook youtube