ਭਾਰਤ ਕੈਨੇਡਾ ਤਣਾਅ : ਯਾਤਰੀਆਂ ਦੀ ਗਿਣਤੀ 45 ਫੀਸਦੀ ਘਟੀ

0
882
INDIA AND CANADA

India Canada Tension: ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਾ ਅਸਰ ਹਵਾਈ ਕਿਰਾਏ ਅਤੇ ਯਾਤਰੀਆਂ ਦੀ ਗਿਣਤੀ ‘ਤੇ ਪੈਣ ਲੱਗਾ ਹੈ। ਭਾਰਤ ਅਤੇ ਕੈਨੇਡਾ ਲਈ ਉਡਾਣਾਂ ਦੇ ਕਿਰਾਏ ਲਗਾਤਾਰ ਵਧ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਕੂਟਨੀਤਕ ਵਿਵਾਦ ਤੋਂ ਬਾਅਦ ਹਵਾਈ ਟਿਕਟਾਂ ਦੀ ਮੰਗ ‘ਚ ਅਚਾਨਕ ਵਾਧਾ ਹੋਇਆ ਹੈ। ਮੰਗ ਵਧਣ ਕਾਰਨ ਕਿਰਾਏ ਅਸਮਾਨ ਛੂਹਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਦਾ ਕਿਰਾਇਆ ਕਰੀਬ 1.5 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਟੋਰਾਂਟੋ ਤੋਂ ਦਿੱਲੀ ਦਾ ਕਿਰਾਇਆ 1.01 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ 45 ਫੀਸਦੀ ਦੀ ਕਮੀ ਆਈ ਹੈ। ਹਫ਼ਤੇ ਵਿੱਚ ਸਿਰਫ਼ ਇੱਕ ਫਲਾਈਟ ਅੰਮ੍ਰਿਤਸਰ ਤੋਂ ਸਿੱਧੀ ਕੈਨੇਡਾ ਜਾਂਦੀ ਹੈ। ਵਧੇਰੇ ਉਡਾਣਾਂ ਦਿੱਲੀ ਤੋਂ ਹਨ। ਭਾਰਤ ਸਰਕਾਰ ਸਿਰਫ਼ ਕੈਨੇਡੀਅਨ ਨਾਗਰਿਕਾਂ ਅਤੇ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਨਹੀਂ ਦੇ ਰਹੀ ਹੈ। ਭਾਰਤੀ ਨਾਗਰਿਕਾਂ ਦੇ ਕੈਨੇਡਾ ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ। ਦੂਜੇ ਪਾਸੇ, ਜਿਨ੍ਹਾਂ ਕੋਲ OCI ਕਾਰਡ ਹੈ ਅਤੇ ਜਿਹੜੇ ਵਿਦਿਆਰਥੀ ਪਹਿਲਾਂ ਹੀ ਵੀਜ਼ਾ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਨੂੰ ਯਾਤਰਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।

ਨਵੀਂ ਦਿੱਲੀ ਤੋਂ ਮਾਂਟਰੀਅਲ ਜਾਣ ਵਾਲੇ ਯਾਤਰੀਆਂ ਨੂੰ 1.55 ਲੱਖ ਰੁਪਏ ਜ਼ਿਆਦਾ ਦੇਣੇ ਪੈਣਗੇ ਅਤੇ ਵਾਪਸੀ ਦਾ ਕਿਰਾਇਆ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਹੁਣ ਯਾਤਰੀਆਂ ਨੂੰ ਦੋਵੇਂ ਦਿਸ਼ਾਵਾਂ ਦੇ ਕਿਰਾਏ ਲਈ 1.16 ਲੱਖ ਰੁਪਏ ਹੋਰ ਅਦਾ ਕਰਨੇ ਪੈਣਗੇ। ਨਵੀਂ ਦਿੱਲੀ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ ਨੂੰ ਆਖਰੀ ਸਮੇਂ ‘ਤੇ ਟਿਕਟ ਬੁੱਕ ਕਰਵਾਉਣ ‘ਤੇ 1.33 ਲੱਖ ਰੁਪਏ ਹੋਰ ਖਰਚਣੇ ਪੈ ਸਕਦੇ ਹਨ। ਟਰੈਵਲ ਪੋਰਟਲ ਨੇ ਆਖਰੀ ਮਿੰਟ ਦੇ ਕਿਰਾਏ ‘ਚ 25 ਫੀਸਦੀ ਤੱਕ ਦਾ ਵਾਧਾ ਕੀਤਾ ਹੈ।

ਏਅਰ ਇੰਡੀਆ ਅਤੇ ਏਅਰ ਕੈਨੇਡਾ ਤੋਂ ਹਰ ਹਫ਼ਤੇ 48 ਉਡਾਣਾਂ

ਏਅਰ ਇੰਡੀਆ ਅਤੇ ਏਅਰ ਕੈਨੇਡਾ ਕੈਨੇਡਾ ਅਤੇ ਭਾਰਤ ਵਿੱਚ ਮਹੱਤਵਪੂਰਨ ਰੂਟਾਂ ‘ਤੇ ਉਡਾਣਾਂ ਚਲਾਉਂਦੇ ਹਨ। ਦੋਵੇਂ ਕੰਪਨੀਆਂ ਮਿਲ ਕੇ ਹਰ ਹਫ਼ਤੇ 48 ਉਡਾਣਾਂ ਚਲਾਉਂਦੀਆਂ ਹਨ। ਏਅਰ ਇੰਡੀਆ ਨਵੀਂ ਦਿੱਲੀ ਤੋਂ ਟੋਰਾਂਟੋ ਅਤੇ ਨਵੀਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ ਜਦੋਂ ਕਿ ਏਅਰ ਕੈਨੇਡਾ ਨਵੀਂ ਦਿੱਲੀ ਅਤੇ ਟੋਰਾਂਟੋ ਵਿਚਕਾਰ ਰੋਜ਼ਾਨਾ ਉਡਾਣਾਂ ਅਤੇ ਨਵੀਂ ਦਿੱਲੀ ਅਤੇ ਮਾਂਟਰੀਅਲ ਵਿਚਕਾਰ ਹਫ਼ਤੇ ਵਿੱਚ ਤਿੰਨ ਉਡਾਣਾਂ ਚਲਾਉਂਦੀ ਹੈ। ਕੈਨੇਡੀਅਨ ਏਅਰ ਟ੍ਰੈਫਿਕ ਮਾਰਕੀਟ ਭਾਰਤ ਆਉਣ ਅਤੇ ਜਾਣ ਵਾਲੇ ਕੁੱਲ ਅੰਤਰਰਾਸ਼ਟਰੀ ਯਾਤਰੀਆਂ ਦਾ 1.2 ਪ੍ਰਤੀਸ਼ਤ ਹੈ। ਵਿੱਤੀ ਸਾਲ 2023 ‘ਚ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ 6,78,614 ਯਾਤਰੀਆਂ ਨੇ ਯਾਤਰਾ ਕੀਤੀ ਹੈ।

SHARE