ਪੰਜਾਬ ਪੁਲਿਸ ਵੱਲੋਂ ਮੋਗਾ ਤੋਂ ਦੋ ਕਿਲੋ ਹੈਰੋਇਨ ਬਰਾਮਦ ; ਤਿੰਨ ਵਿਅਕਤੀ ਗ੍ਰਿਫਤਾਰ

0
198
2 kg heroin recovered, Police checking, Three drug smugglers arrested
2 kg heroin recovered, Police checking, Three drug smugglers arrested
  • ਡਰੱਗ ਮਾਫੀਆ ਦੇ ਖਾਤਮੇ ਲਈ ਆਉਂਦੇ ਦਿਨਾਂ ਵਿੱਚ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ
ਇੰਡੀਆ ਨਿਊਜ਼, ਚੰਡੀਗੜ੍ਹ/ਮੋਗਾ :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚੌਕਸੀ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਮੋਗਾ ਦੇ ਪਿੰਡ ਥਰਾਜ ਬਾਘਾਪੁਰਾਣਾ ਵਿਖੇ ਚੈਕਿੰਗ ਦੌਰਾਨ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਵੰਤ ਸਿੰਘ ਉਰਫ ਕਾਲਾ ਅਤੇ ਸੁਖਚੈਨ ਸਿੰਘ ਉਰਫ ਸੋਨੂੰ ਵਾਸੀ ਦੌਲੇਵਾਲਾ ਅਤੇ ਸਤਨਾਮ ਸਿੰਘ ਉਰਫ ਸੋਨੂੰ ਵਾਸੀ ਪਿੰਡ ਲਾਟੀਆਂਵਾਲਾ ਕਪੂਰਥਲਾ ਵਜੋਂ ਹੋਈ ਹੈ।  ਮੁਲਜ਼ਮ ਜਸਵੰਤ ਅਤੇ ਸੁਖਚੈਨ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।  ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਚਿੱਟੇ ਰੰਗ ਦੀ ਮਾਰੂਤੀ ਸਿਆਜ਼ ਕਾਰ ਰਜਿਸਟ੍ਰੇਸ਼ਨ ਨੰਬਰ ਪੀਬੀ09ਏਬੀ4970 ਵੀ ਬਰਾਮਦ ਕੀਤੀ ਹੈ।

ਮੋਗਾ ਦੇ ਸੀਨੀਅਰ ਪੁਲਿਸ ਕਪਤਾਨ  (ਐਸ.ਐਸ.ਪੀ.) ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮੋਗਾ ਨੂੰ ਇਤਲਾਹ ਮਿਲੀ ਸੀ ਕਿ ਉਕਤ ਤਿੰਨੇ ਦੋਸ਼ੀ ਭਗਤਾ ਭਾਈ ਕਾ ਤੋਂ ਬਾਘਾਪੁਰਾਣਾ ਵੱਲ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਾ ਰਹੇ ਹਨ।

ਕਾਰ ‘ਚ ਸਵਾਰ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ

ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪਿੰਡ ਥਰਾਜ ਵਿਖੇ ਭਗਤਾ ਭਾਈ ਕਾ ਰੋਡ ‘ਤੇ  ਨਾਕਾ ਲਾਇਆ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਚਿੱਟੇ ਰੰਗ ਦੀ ਸਿਆਜ਼ ਕਾਰ ਨੂੰ ਰੋਕ ਕੇ ਕਾਰ ‘ਚ ਸਵਾਰ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ।

ਐਸਐਸਪੀ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਐਫ.ਆਈ.ਆਰ ਨੰ.  120 ਮਿਤੀ 10 ਜੂਨ 2022 ਥਾਣਾ ਬਾਘਾਪੁਰਾਣਾ ਵਿਖੇ ਦਰਜ ਹੈ।

SHARE