India News (ਇੰਡੀਆ ਨਿਊਜ਼), 2 Youths Died Of Fever, ਚੰਡੀਗੜ੍ਹ : ਮੋਹਾਲੀ ਜ਼ਿਲ੍ਹੇ ਦੇ ਪਿੰਡ ਗੀਗੇਮਾਜਰਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਦਾ ਕਹਿਰ ਦੇਖਣ ਵਿੱਚ ਆ ਰਿਹਾ ਹੈ। ਪਿਛਲੇ ਚਾਰ ਦਿਨਾਂ ਦੌਰਾਨ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਬੁਖਾਰ ਹੋਣ ਦੀ ਹਾਲਤ ਵਿੱਚ ਦੋਵਾਂ ਦੀ ਮੌਤ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਈ। ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਦੋਹਾਂ ਦੀ ਮੌਤ ਨਾਲ ਸਮੁੱਚੇ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ 22 ਸਾਲਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ, ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਬੀਏ ਵਿੱਚ ਪੜ੍ਹ ਰਿਹਾ ਸੀ, ਨੂੰ 8 ਨਵੰਬਰ ਨੂੰ ਬੁਖਾਰ ਹੋਇਆ ਸੀ। ਇਸ ਮਗਰੋਂ ਉਹ ਦੋ ਦਿਨ ਖਰੜ ਦੇ ਇੱਕ ਨਿੱਜੀ ਡਾਕਟਰ ਕੋਲੋਂ ਇਲਾਜ ਕਰਾਉਂਦਾ ਰਿਹਾ।
10 ਨਵੰਬਰ ਨੂੰ ਬੁਖਾਰ ਦੇ ਨਾਲ-ਨਾਲ ਪਰਮਪ੍ਰੀਤ ਨੂੰ ਪੇਟ ਦਰਦ ਵੀ ਆਰੰਭ ਹੋ ਗਿਆ ਤੇ ਪਲੇਟਲੈਟਸ ਵੀ ਕਾਫ਼ੀ ਜ਼ਿਆਦਾ ਘਟ ਗਏ। ਪੀੜਤ ਨੂੰ ਖਰੜ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਫਿਰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ।
ਤਿੰਨ ਵਰ੍ਹਿਆਂ ਦੀ ਬੇਟੀ ਦਾ ਪਿਓ
ਇਸੇ ਤਰਾਂ ਪਿੰਡ ਦੇ ਹੀ 32 ਸਾਲਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਜਿਹੜਾ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇੱਕ ਤਿੰਨ ਵਰ੍ਹਿਆਂ ਦੀ ਬੇਟੀ ਦਾ ਪਿਓ ਸੀ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨੇ ਮੋਗਾ ਸਥਿਤ ਇਕ ਪ੍ਰਾਈਵੇਟ ਹਸਪਤਾਲ ‘ਚੋਂ ਪੇਟ ‘ਚ ਚਰਬੀ ਘੱਟ ਕਰਨ ਦਾ ਕੋਈ ਆਪਰੇਸ਼ਨ ਕਰਾਇਆ ਸੀ।
12 ਨਵੰਬਰ ਨੂੰ ਉਹ ਘਰ ਆ ਗਿਆ ਤੇ ਉਸ ਨੇ ਘਰੇ ਸਿਹਤ ਖਰਾਬ ਹੋਣ ਅਤੇ ਆਪਣੇ ਪਲੇਟਲੈੱਟਸ ਘਟ ਹੋਣ ਦੀ ਗੱਲ ਆਖੀ। ਇੱਕ ਦਿਨ ਬਾਅਦ ਉਸ ਦੇ ਪੇਟ ਵਿੱਚ ਜ਼ੋਰਦਾਰ ਦਰਦ ਹੋਇਆ, ਬੁਖ਼ਾਰ ਹੋ ਗਿਆ ਤੇ ਪਲੇਟਲੈਟਸ ਵੀ ਘਟ ਗਏ। ਪਰਿਵਾਰ ਵੱਲੋਂ ਉਸ ਨੂੰ ਸੋਹਾਣਾ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ, ਜਿੱਥੇ ਬੀਤੀ ਸ਼ਾਮ ਉਸ ਨੇ ਆਖਰੀ ਸਾਹ ਲਿਆ।
ਘਟਨਾ ਤੋਂ ਬਾਅਦ ਹਰਕਤ ‘ਚ ਆਇਆ ਸਿਹਤ ਵਿਭਾਗ
ਗੀਗੇਮਾਜਰਾ ਵਿਖੇ ਦੋ ਨੌਜਵਾਨਾਂ ਦੀ ਮੌਤ ਹੋ ਜਾਨ ਤੋਂ ਬਾਅਦ ਸਿਹਤ ਵਿਭਾਗ ਵੀ ਅੱਜ ਹਰਕਤ ‘ਚ ਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਅੱਜ ਐਸਐਮਓ ਡਾ. ਸੁਰਿੰਦਰਪਾਲ ਕੌਰ, ਐਮਓ ਡਾ. ਰਮਨਪ੍ਰੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਪਿੰਡ ਦਾ ਦੌਰਾ ਕੀਤਾ।
ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਨੌਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਿਸਾਂ ਕੋਲੋਂ ਮਰੀਜ਼ਾਂ ਦੀ ਹਿਸਟਰੀ ਨੋਟ ਕੀਤੀ। ਡਾ. ਸੁਰਿੰਦਰਪਾਲ ਕੌਰ ਨੇ ਕਿਹਾ ਕਿ ਮ੍ਰਿਤਕਾਂ ਦੀ ਮੌਤ ਡੇਂਗੂ ਨਾਲ ਹੋਈ ਜਾ ਹੋਰ ਕਾਰਨਾਂ ਨਾਲ ਇਸ ਸਬੰਧੀ ਮੈਡੀਕਲ ਰਿਪੋਰਟ ਜਾਂਚਣ ਤੋਂ ਬਾਅਦ ਪਤਾ ਲੱਗੇਗਾ। ਟੀਮ ਨੇ ਪਿੰਡ ‘ਚ ਘਰੋ- ਘਰੀ ਸਰਵੇ ਕੀਤਾ ਤੇ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੇ ਖ਼ੂਨ ਦੇ ਟੈਸਟ ਹਾਸਲ ਕੀਤੇ।
ਸਿਹਤ ਵਿਭਾਗ ਵੱਲੋਂ ਭਲਕੇ ਵੀ ਪਿੰਡ ਲੋਕਾਂ ਦੀ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜ਼ਿਕਰ ਯੋਗ ਹੈ ਕਿ ਬਨੂੜ ਸਥਿਤ ਸੀ ਐਚ ਸੀ ਵਿੱਚ ਵੱਡੀ ਪੱਧਰ ਤੇ ਬੁਖਾਰ ਨਾਲ ਪੀੜਤ ਲੋਕ ਪਹੁੰਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡੇਂਗੂ ਦਾ ਟੈਸਟ ਕਰਵਾਉਣ ਲਈ ਬਾਹਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :Maat Pitaa Gaudham : ਮਾਤ ਪਿਤਾ ਗੋਧਾਮ ਮਹਾਂਤੀਰਥ ਵਿੱਚ 20 ਨੂੰ ਗੋਪਾਅਸ਼ਟਮੀ ਮਹਾਂਉਤਸਵ ਦਾ ਆਯੋਜਨ