ਹੁਸ਼ਿਆਰਪੁਰ ‘ਚ 2 ਅਕਤੂਬਰ ਨੂੰ ਮਨਾਇਆ ਜਾ ਰਿਹੈ ਰਾਜ ਪੱਧਰੀ ਸਵੱਛ ਭਾਰਤ ਦਿਵਸ
ਚੰਡੀਗੜ੍ਹ, PUNJAB NEWS (State level Clean India Day is being celebrated on 2nd October) : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਰਾਜ ਪੱਧਰੀ ਸਵੱਛ ਭਾਰਤ ਦਿਵਸ 2 ਅਕਤੂਬਰ ਨੂੰ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੀਆਂ ਸੂਬੇ ਦੀਆਂ 23 ਪੰਚਾਇਤਾਂ ਦੇ ਖਾਤੇ ਵਿੱਚ 23 ਲੱਖ ਰੁਪਏ (ਇਕ ਲੱਖ ਰੁਪਏ ਪ੍ਰਤੀ ਪੰਚਾਇਤ) ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 3 ਹੋਰ ਪੰਚਾਇਤਾਂ ਨੂੰ ਵੀ 10-10 ਹਜ਼ਾਰ ਰੁਪਏ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਦਾ ਵੀ ਸਨਮਾਨ ਹੋਵੇਗਾ। ਇਸ ਦੌਰਾਨ ਸਵੱਛਤਾ ਸਬੰਧੀ ਨੁੱਕੜ ਨਾਟਕ, ਲਘੂ ਫਿਲਮ ਅਤੇ ਹੋਰ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।
ਸਵੱਛਤਾ ਸਬੰਧੀ ਨੁੱਕੜ ਨਾਟਕ, ਲਘੂ ਫਿਲਮ ਅਤੇ ਹੋਰ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ
ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ‘ਚ ਸਾਫ ਅਤੇ ਪੀਣਯੋਗ ਪਾਣੀ ਦੀ ਸਪਲਾਈ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ‘ਚ ਕੂੜੇ ਦੀ ਸਾਂਭ ਸੰਭਾਲ ਤੇ ਪ੍ਰਬੰਧਨ ਲਈ ਵੀ ਕੌਮੀ ਪੱਧਰ ਉੱਤੇ ਨਾਂ ਦਰਜ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਦੇ 15 ਜ਼ਿਲ੍ਹਿਆਂ (ਹੁਸ਼ਿਆਰਪੁਰ, ਮਲੇਰਕੋਟਲਾ, ਫਰੀਦਕੋਟ, ਜਲੰਧਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਐਸ.ਏ.ਐਸ. ਨਗਰ, ਕਪੂਰਥਲਾ, ਮਾਨਸਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਅਤੇ ਐਸ.ਬੀ. ਨਗਰ) ਦੇ ਸਾਰੇ 8292 ਪਿੰਡਾਂ ਵਿਚ ਘਰ-ਘਰ ਸਾਫ ਪਾਣੀ ਦਿੱਤਾ ਜਾ ਰਿਹਾ ਹੈ। ਇਹਨਾਂ 15 ਜ਼ਿਲ੍ਹਿਆ ਨੂੰ ਵੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਅੱਗੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਪੜਾਅ-2) ਦੀ ਸੂਬੇ ਵਿਚ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਿਸ਼ਨ ਤਹਿਤ ਸਾਰੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ। ਜਿੰਪਾ ਨੇ ਕਿਹਾ ਕਿ ਮਾਰਚ 2025 ਤੱਕ ਹਰੇਕ ਪਿੰਡ ਨੂੰ ਓਡੀਐਫ ਪਲੱਸ ਐਲਾਨਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
ਕਬਿਲੇਗੌਰ ਹੈ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਪਿੰਡਾਂ ਵਿੱਚ ਫੈਲੇ ਕੂੜੇ ਦੀ ਸਫਾਈ ਅਤੇ ਕੂੜਾ ਪ੍ਰਬੰਧਨ ਦੇ ਵਿਸ਼ੇ ‘ਤੇ ਮੁਹਿੰਮ ਚਲਾ ਕੇ ਕਈ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਜਦਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਦੇ ਜੋੜੇ ਨੂੰ ਮੌਤ ਇਸ ਤਰਾਂ ਖਿੱਚ ਲਿਆਈ ਹਰਿਆਣਾ
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੱਕ ਮੁਲਤਵੀ
ਸਾਡੇ ਨਾਲ ਜੁੜੋ : Twitter Facebook youtube