40 Lakh Robbery Case Update : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ‘ਚੋਂ ਲੰਘਦੀ ਸ਼ੇਰਸ਼ਾਹ ਸਰੀ ਰੋਡ ‘ਤੇ ਪਿੰਡ ਭੱਟਮਾਜਰਾ (ਸੈਦਪੁਰਾ) ਸਥਿਤ ਭਾਰਤ ਪੈਟਰੋਲੀਅਮ ਕੰਪਨੀ ਵੱਲੋਂ ਚਲਾਏ ਜਾ ਰਹੇ ਪੈਟਰੋਲ ਪੰਪ ਦੇ ਮਜ਼ਦੂਰਾਂ ਕੋਲੋਂ ਮਹਿਜ਼ 48 ਘੰਟਿਆਂ ‘ਚ 40.79 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ: ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਦਾ ਪਤਾ ਲਗਾਉਣ ਲਈ ਉਨ੍ਹਾਂ ਵੱਲੋਂ ਏ.ਜੀ.ਟੀ.ਐਫ. ਪੰਜਾਬ ਅਤੇ ਜ਼ਿਲ੍ਹਾ ਪੁਲੀਸ ਦੀਆਂ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਦੀ ਅਗਵਾਈ ਐਸ.ਪੀ. (i) ਰਾਕੇਸ਼ ਕੁਮਾਰ ਯਾਦਵ ਅਤੇ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ. ਸੁਖਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਘਟਨਾ ਸਬੰਧੀ ਦਰਜ ਕੇਸ ਦੀ ਧਾਰਾਵਾਂ ਵਧਾ ਦਿੱਤੀਆਂ ਗਈਆਂ ਹਨ।
ਪੁਲਿਸ ਟੀਮਾਂ ਵੱਲੋਂ ਕਥਿਤ ਦੋਸ਼ੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਪੁਲਿਸ ਅਤੇ ਏ.ਜੀ.ਟੀ.ਐਫ. ਨੇ ਸਾਂਝੇ ਆਪ੍ਰੇਸ਼ਨ ਦੌਰਾਨ 2 ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 32 ਬੋਰ ਦੇ ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਖੁਲਾਸੇ ਵਿੱਚ ਪੈਟਰੋਲ ਪੰਪ ਦੇ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ, ਵਾਸੀ ਟਾਂਗਰਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਘਰ (ਟਾਂਗਰਾ) ਵਿੱਚੋਂ ਲੁੱਟੇ 40.79 ਲੱਖ ਰੁਪਏ ਵਿੱਚੋਂ 33,73,000 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਬੂ ਕੀਤਾ ਮੁਲਜ਼ਮ ਵਿਕਰਮਜੀਤ ਸਿੰਘ ਬਤੌਰ ਮੈਨੇਜਰ ਪੈਟਰੋਲ ਪੰਪ ਚਲਾ ਰਿਹਾ ਸੀ, ਜਿਸ ਦਾ ਸਮਝੌਤਾ 30 ਅਪਰੈਲ ਨੂੰ ਖਤਮ ਹੋਣ ਮਗਰੋਂ ਪੰਪ ਦਾ ਚਾਰਜ ਇੱਕ ਨਵੇਂ ਵਿਅਕਤੀ ਨੂੰ ਦਿੱਤਾ ਗਿਆ ਸੀ। ਇਸ ਤੋਂ ਰੰਜਿਸ਼ ਰੱਖਦਿਆਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੈਟਰੋਲ ਪੰਪ ਦੀ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।
ਕਥਿਤ ਦੋਸ਼ੀ ਵਿਕਰਮਜੀਤ ਸਿੰਘ ਨੂੰ ਪੰਪ ‘ਤੇ ਕੈਸ਼ ਇਕੱਠਾ ਕਰਨ ਅਤੇ ਬੈਂਕ ‘ਚ ਨਕਦੀ ਜਮ੍ਹਾ ਕਰਵਾਉਣ ਲਈ ਪੰਪ ‘ਤੇ ਕਦੋਂ ਅਤੇ ਕੌਣ ਜਾਂਦਾ ਹੈ ਅਤੇ ਪੰਪ ਨੂੰ ਜਾਣ ਵਾਲੇ ਸਾਰੇ ਰਸਤਿਆਂ ਬਾਰੇ ਪੂਰੀ ਜਾਣਕਾਰੀ ਸੀ। ਉਸ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲੱਗਣ ਕਾਰਨ ਸਾਬਕਾ ਮੈਨੇਜਰ ਵਿਕਰਮਜੀਤ ਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਦੇ ਕੁੱਲ 6 ਮੁਲਜ਼ਮਾਂ ਵਿੱਚੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Also Read : ਅੰਮ੍ਰਿਤਸਰ ‘ਚ ਬਾਰਡਰ ‘ਤੇ BSF ਨੇ ਫੜੀ 38 ਕਰੋੜ ਦੀ ਹੈਰੋਇਨ, ਦੇਰ ਰਾਤ ਆਇਆ ਡਰੋਨ
Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ
Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ