ਕਾਲਜ ਅਧਿਆਪਕਾਂ ਲਈ ਵੱਡੀ ਸੌਗਾਤ ਦਾ ਐਲਾਨ

0
153
CM Maan
CM Maan

ਇਕ ਅਕਤੂਬਰ ਤੋਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ UGC ਦਾ 7ਵਾਂ ਪੇਅ ਕਮਿਸ਼ਨ ਲਾਗੂ ਹੋਵੇਗਾ

ਅਧਿਆਪਕਾਂ ਦੀ ਕਮੀ ਦੂਰ ਕਰਨ ਲਈ ਸਰਕਾਰੀ ਕਾਲਜਾਂ ਵਿਚ ਗੈਸਟ ਫੈਕਲਟੀ ਟੀਚਰਾਂ ਦੀ ਭਰਤੀ ਨੂੰ ਪ੍ਰਵਾਨਗੀ

ਮੌਜੂਦਾ ਗੈਸਟ ਫੈਕਲਟੀ ਟੀਚਰਾਂ ਦੇ ਮਾਣ-ਭੱਤੇ ਵਿਚ ਸਨਮਾਨਯੋਗ ਵਾਧਾ ਕਰਨ ਦਾ ਐਲਾਨ

ਇੰਡੀਆ ਨਿਊਜ਼, ਚੰਡੀਗੜ੍ਹ (7th Pay Commission of UGC implemented): ਅਧਿਆਪਕ ਦਿਵਸ ਮੌਕੇ ਕਾਲਜ ਅਧਿਆਪਕਾਂ ਦੇ ਸਤਿਕਾਰ ਵਿਚ ਵੱਡੀਆਂ ਸੌਗਾਤਾਂ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਇਕ ਅਕਤੂਬਰ, 2022 ਤੋਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ (UGC) ਦਾ 7ਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅੱਜ ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਟਾਫ ਵੱਲੋਂ ਬਹੁਤ ਚਿਰਾਂ ਤੋਂ 7ਵਾਂ ਪੇਅ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅੱਜ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਇਕ ਅਕਤੂਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ।

ਕਾਲਜਾਂ ਵਿਚ ਗੈਸਟ ਫੈਕਲਟੀ ਟੀਚਰਾਂ ਦੀ ਭਰਤੀ ਹੋਵੇਗੀ

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਾਲਜਾਂ ਵਿਚ ਗੈਸਟ ਫੈਕਲਟੀ ਟੀਚਰਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ ਜਿਸ ਨਾਲ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਾਡੀ ਸਰਕਾਰ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਕਾਲਜਾਂ ਵਿਚ ਅਧਿਆਪਕਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਦੌਰਾਨ ਮੁੱਖ ਮੰਤਰੀ ਨੇ ਕਾਲਜਾਂ ਵਿਚ ਪਹਿਲਾਂ ਤੋਂ ਪੜ੍ਹਾ ਰਹੇ ਗੈਸਟ ਫੈਕਲਟੀ ਟੀਚਰਾਂ ਦੇ ਮਾਣ-ਭੱਤੇ ਵਿਚ ਵੀ ਸਨਮਾਨਯੋਗ ਵਾਧਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਟੀਚਰ 18-20 ਸਾਲ ਦੇ ਸਮੇਂ ਤੋਂ ਤਾਲੀਮ ਦੇ ਰਹੇ ਹਨ ਅਤੇ ਸਰਕਾਰ ਨੇ ਇਨ੍ਹਾਂ ਦੇ ਮਾਣ-ਭੱਤੇ ਵਿਚ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਅਧਿਆਪਕ ਦਿਵਸ ਨੂੰ ਆਪਣੇ ਜੀਵਨ ਦਾ ਖਾਸ ਦਿਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੈਂ ਖੁਦ ਅਧਿਆਪਕ ਦਾ ਪੁੱਤਰ ਹਾਂ ਜਿਸ ਕਰਕੇ ਮੇਰੇ ਲਈ ਅੱਜ ਦਾ ਦਿਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਮਾਪਿਆਂ ਤੋਂ ਬਾਅਦ ਬੱਚੇ ਦੀ ਸਾਕਾਰਤਮਕ ਸਿਰਜਣਾ ਵਿਚ ਸਭ ਤੋਂ ਅਹਿਮ ਭੂਮਿਕਾ ਅਧਿਆਪਕ ਦੀ ਹੁੰਦੀ ਹੈ ਜੋ ਵਿਦਿਆਰਥੀ ਜੀਵਨ ਵਿਚ ਬੱਚੇ ਦਾ ਮਾਰਗ ਦਰਸ਼ਨ ਕਰਦਾ ਹੈ। ਇਸੇ ਕਰਕੇ ਅਧਿਆਪਕਾਂ ਨੂੰ ਸਤਿਕਾਰ ਵਜੋਂ ‘ਕੌਮ ਦੇ ਨਿਰਮਾਤਾ’ ਕਿਹਾ ਜਾਂਦਾ ਹੈ। ਬੱਚਿਆਂ ਦੇ ਬਿਹਤਰ ਭਵਿੱਖ ਲਈ ਦਿਆਨਤਦਾਰੀ, ਲਗਨ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਅ ਰਹੇ ਸਮੂਹ ਅਧਿਆਪਕਾਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦਿੰਦਾ ਹਾਂ।

ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE