India News (ਇੰਡੀਆ ਨਿਊਜ਼), AC Compressor Burst In The Hospital, ਚੰਡੀਗੜ੍ਹ : ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਨੀਲਮ ਹਸਪਤਾਲ ਵਿੱਚ ਏਅਰ ਕੰਡੀਸ਼ਨਰ ਵਿੱਚ ਗੈਸ ਭਰਦੇ ਸਮੇਂ ਕਮਪ੍ਰੈਸ਼ਰ ਫਟਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜੋ ਹਸਪਤਾਲ ਵਿੱਚ ਜਿੰਦਗੀ ਤੇ ਮੋਤ ਨਾਲ ਜੂਝ ਰਿਹਾ ਹੈ। ਜਾਣਕਾਰੀ ਅਨੁਸਾਰ ਨੀਲਮ ਹਸਪਤਾਲ ਵੱਲੋਂ ਕੁਝ ਦਿਨ ਪਹਿਲਾ ਨਵੇਂ ਏਸੀ ਦੀ ਖਰੀਦ ਕੀਤੀ ਗਈ ਸੀ। ਏਸੀ ਨੂੰ ਫਿੱਟ ਕਰਨ ਤੇ ਉਸ ਦੀ ਕੂਲਿੰਗ ਘੱਟ ਹੋਣ ਦੀ ਸਿਕਾਇਤ ਆ ਰਹੀ ਸੀ। ਹਸਪਤਾਲ ਮਨੇਜਮੈਂਟ ਵੱਲੋਂ ਇਸ ਦੀ ਸਿਕਾਇਤ ਸਬੰਧਿਤ ਕੰਪਨੀ ਨੂੰ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਕੰਪਨੀ ਵੱਲੋਂ ਖਰਾਬ ਏਸੀ ਨੂੰ ਠੀਕ ਕਰਨ ਲਈ ਦੋ ਮਕੈਨਿਕ ਨੌਜਵਾਨਾਂ ਨੂੰ ਭੇਜਿਆ ਗਿਆ ਸੀ।
ਹਸਪਤਾਲ ਵਿੱਚ ਅਫਰਾ ਤਫਰੀ ਵਾਲਾ ਮਾਹੋਲ
ਜਦੋਂ ਮਕੈਨਿਕਾਂ ਵੱਲੋਂ ਏਅਰ ਕੰਡੀਸ਼ਨਰ ਠੀਕ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਕੰਮਪ੍ਰੈਸ਼ਰ ਫਟ ਗਿਆ। ਕੰਪਰੈਸਰ ਫਟਨ ਨਾਲ ਜੋਰਦਾਰ ਧਮਾਕਾ ਹੋਇਆ। ਜਿਸ ਨਾਲ ਹਸਪਤਾਲ ਵਿੱਚ ਅਫਰਾ ਤਫਰੀ ਵਾਲਾ ਮਾਹੋਲ ਬਣ ਗਿਆ। ਇਸ ਹਾਦਸੇ ਵਿੱਚ ਦੋਵੇਂ ਨੌਜਵਾਨ ਬੁਰੀ ਤਰਾਂ ਜਖ਼ਮੀ ਹੋ ਗਏ। ਦੋਨੋਂ ਨੌਜਵਾਨਾਂ ਨੂੰ ਚੁੱਕ ਕੇ ਐਮਰਜੈਂਸੀ ਵਿੱਚ ਭਰਤੀ ਕਰਵਾਇਆ ਗਿਆ ਜਿਨਾਂ ਵਿੱਚੋਂ ਇੱਕ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਦੂਜੇ ਨੌਜਵਾਨ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਹੈ, ਜੋ ਜਿੰਦਗੀ ਤੇ ਮੌਤ ਦੀ ਲੜਾਈ ਨਾਲ ਜੂਝ ਰਿਹਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਹ ਘਟਨਾਂ ਸਾਂਮ ਸਮੇਂ ਹਸਪਤਾਲ ਵਿੱਚ ਵਾਪਰੀ।
ਪਰਿਵਾਰਕ ਮੈਂਬਰਾਂ ਦੇ ਬਿਆਨਾ ਤੋਂ ਬਾਅਦ ਅਗਲੀ ਕਾਰਵਾਈ
ਇਸ ਘਟਨਾ ਵਿੱਚ ਮ੍ਰਿਤਕ ਨੌਜਵਾਨ ਦੀ ਪਹਿਚਾਨ ਹੈਰੀ ਰਾਣਾ ਪੁੱਤਰ ਰਾਮ ਕੁਮਾਰ ਉਮਰ 23 ਸਾਲ ਵਾਸੀ ਪਿੰਡ ਤਿਊੜ ਜਿਲ੍ਹਾ ਐਸਏਐਸ ਨਗਰ (ਮੋਹਾਲੀ) ਅਤੇ ਗੰਭੀਰ ਰੂਪ ਵਿੱਚ ਜਖਮੀ ਹੋਏ ਨੌਜਵਾਨ ਦੀ ਅੰਕੁਸ਼ ਰਾਣਾ (31)ਪੁੱਤਰ ਪਵਨ ਕੁਮਾਰ ਵਾਸੀ ਪਿੰਡ ਰਾਮਪੁਰ ਸਾਹਨੀ ਜਿਲ੍ਹਾ ਰੋਪੜ ਵੱਜੋਂ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏਐਸਆਈ ਜਸਪਾਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾ ਤੋਂ ਬਾਅਦ ਅਗਲੀ ਕਾਰਵਾਈ ਆਰੰਭੀ ਜਾਵੇਗੀ।