ਪੰਜਾਬ ਵਿੱਚ ਵੱਧ ਰਹੇ ਅਫਰੀਕਨ ਸਵਾਈਨ ਫੀਵਰ ਦੇ ਮਾਮਲੇ 

0
173
African swine fever in Punjab
African swine fever in Punjab

ਇੰਡੀਆ ਨਿਊਜ਼, ਨਵਾਂਸ਼ਹਿਰ (African swine fever in Punjab): ਪੰਜਾਬ ਵਿੱਚ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਭਾਵੇਂ ਕਿ ਰਾਜ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਸੰਕਰਮਣ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਲਾਗ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਫੈਲੀ ਹੈ।

ਪਰ ਹੁਣ ਇਹ ਪਟਿਆਲਾ ਦੇ ਨਾਲ-ਨਾਲ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਬੀਤੇ ਦਿਨ ਜ਼ਿਲ੍ਹਾ ਨਵਾਂਸ਼ਹਿਰ ਅਤੇ ਫਾਜ਼ਿਲਕਾ ਦੀਆਂ ਦੋ ਕਲੋਨੀਆਂ ਨੂੰ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਪ੍ਰਭਾਵਿਤ ਖੇਤਰ ਘੋਸ਼ਿਤ ਕੀਤਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ ਭੋਪਾਲ ਨੇ ਇਨ੍ਹਾਂ ਖੇਤਰਾਂ ਤੋਂ ਭੇਜੇ ਗਏ ਨਮੂਨਿਆਂ ਵਿੱਚ ਏਐਸਐਫ ਦੀ ਪੁਸ਼ਟੀ ਕੀਤੀ ਹੈ।

ਨਿਯਮਾਂ ਅਨੁਸਾਰ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਨਵਾਂਸ਼ਹਿਰ ਦੀ ਮੂਸਾਪੁਰ ਰੋਡ ਕਲੋਨੀ ਅਤੇ ਜ਼ਿਲ੍ਹਾ ਫਾਜ਼ਿਲਕਾ ਦੀ ਬਾਦਲ ਕਲੋਨੀ ਵਿੱਚ ਨਿਯਮਾਂ ਅਨੁਸਾਰ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਭੁੱਲਰ ਨੇ ਕਿਹਾ ਕਿ ਵਿਭਾਗ ਵੱਲੋਂ ਸੂਚਿਤ ਕੀਤੇ ਗਏ ਕੇਂਦਰ ਦੇ ਇੱਕ ਕਿਲੋਮੀਟਰ ਦੇ ਦਾਇਰੇ ਦੇ ਲਾਗ ਵਾਲੇ ਖੇਤਰ ਵਿੱਚ ਸੂਰਾਂ ਦੀ ਹੱਤਿਆ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਹਿਦਾਇਤਾਂ ਜਾਰੀ ਕੀਤੀਆਂ

ਕੈਬਨਿਟ ਮੰਤਰੀ ਨੇ ਦੱਸਿਆ ਕਿ “ਅਫਰੀਕਨ ਸਵਾਈਨ ਫਲੂ ਦੇ ਕੰਟਰੋਲ ਅਤੇ ਖਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)“ ਮੁਤਾਬਕ ਇਨਾਂ ਖੇਤਰਾਂ ਵਿੱਚ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫੈਕਟਿਡ ਜੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।

ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ। ਇਸ ਲਈ ਘਬਾਰਾਉਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਇਹ ਬਹੁਤ ਘਾਤਕ ਬੀਮਾਰੀ ਹੈ ਜਿਸ ਤੋਂ ਸਾਵਧਾਨੀਆਂ ਅਪਣਾ ਕੇ ਹੀ ਬਚਾਅ ਕੀਤਾ ਜਾ ਸਕਦਾ ਹੈ। ਸੂਰ ਪਾਲਕਾਂ ਨੂੰ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਰ ਪਾਲਕ ਦੂਜੇ ਫਾਰਮਾਂ ਅਤੇ ਹੋਰਨਾਂ ਥਾਵਾਂ ‘ਤੇ ਜਾਂ ਜ਼ਿਲਿਆਂ ਵਿੱਚ ਨਾ ਜਾਣ ਅਤੇ ਸੂਰਾਂ ਲਈ ਖੁਰਾਕ ਆਪਣੇ ਫਾਰਮ ‘ਤੇ ਹੀ ਤਿਆਰ ਕਰਨ। ਇਸ ਤੋਂ ਇਲਾਵਾ ਸੂਰ ਵਪਾਰੀਆਂ ਤੇ ਕਾਰੋਬਾਰੀਆਂ ਅਤੇ ਉਨਾਂ ਦੇ ਵਾਹਨਾਂ ਨੂੰ ਵੀ ਆਪਣੇ ਫਾਰਮਾਂ ‘ਤੇ ਆਉਣ ਤੋਂ ਸਖਤੀ ਨਾਲ ਰੋਕਿਆ ਜਾਵੇ।
SHARE