ਏਸ਼ੀਆ ਦਾ ਸਭ ਤੋਂ ਵੱਡਾ ਸੀਬੀਜੀ ਪਲਾਂਟ ਕਾਰਜਸ਼ੀਲ 

0
218
Asia's largest CBG plant
Asia's largest CBG plant
• ਝੋਨੇ ਦੀ ਪਰਾਲੀ ਦੇ ਸਥਾਈ ਹੱਲ ਲਈ ਪੇਡਾ ਨੇ 42 ਕੰਪਰੈੱਸਡ ਬਾਇਓ-ਗੈਸ (ਸੀਬੀਜੀ) ਪਲਾਂਟ ਅਲਾਟ ਕੀਤੇ: ਅਮਨ ਅਰੋੜਾ
• ਮੁਕੰਮਲ ਹੋਣ ’ਤੇ ਸਾਰੇ ਪਲਾਂਟ ਰੋਜ਼ਾਨਾ 492.58 ਟਨ ਸੀਬੀਜੀ ਪੈਦਾ ਕਰਨ ਤੋਂ ਇਲਾਵਾ ਸਾਲਾਨਾ 16.5 ਲੱਖ ਟਨ ਪਰਾਲੀ ਦੀ ਕਰਨਗੇ ਖ਼ਪਤ
ਇੰਡੀਆ ਨਿਊਜ਼, ਚੰਡੀਗੜ੍ਹ (Asia’s largest CBG plant) : ਸਾਫ਼-ਸੁਥਰੀ ਊਰਜਾ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਦਿਆਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ-ਗੈਸ (ਸੀਬੀਜੀ) ਪਲਾਂਟ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪ੍ਰਤੀ ਦਿਨ ਕੁੱਲ 33.23 ਟਨ ਸੀਬੀਜੀ ਦੀ ਸਮਰੱਥਾ ਵਾਲਾ ਇਹ ਪਲਾਂਟ ਪਿੰਡ ਭੁਟਾਲ ਕਲਾਂ (ਸੰਗਰੂਰ) ਵਿਖੇ ਅਪ੍ਰੈਲ, 2022 ਵਿੱਚ ਚਾਲੂ ਹੋ ਗਿਆ ਹੈ। ਇਸ ਪਲਾਂਟ ਵਿੱਚੋਂ ਸੀਬੀਜੀ ਦਾ ਵਪਾਰਕ ਉਤਪਾਦਨ ਸ਼ੁਰੂ ਹੋ ਗਿਆ ਹੈ, ਜਿਸ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਦੇ ਆਊਟਲੈਟ ਨੂੰ ਸਪਲਾਈ ਕੀਤੀ ਜਾ ਰਹੀ ਹੈ।

ਪਰਾਲੀ ਦਾ ਹੋਵੇਗਾ ਸਥਾਈ ਹੱਲ

ਇਸ ਤੋਂ ਇਲਾਵਾ ਪੇਡਾ ਵੱਲੋਂ ਪਰਾਲੀ ਦੇ ਸਥਾਈ ਅਤੇ ਟਿਕਾਊ ਹੱਲ ਲਈ ਝੋਨੇ ਦੀ ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ਉਤੇ ਆਧਾਰਿਤ ਕੁੱਲ 492.58 ਟਨ ਪ੍ਰਤੀ ਦਿਨ ਸਮਰੱਥਾ ਦੇ 42 ਹੋਰ ਸੀਬੀਜੀ ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ, ਜਿਸ ਨਾਲ ਪੇਂਡੂ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਤਕਰੀਬਨ 1200 ਕਰੋੜ ਰੁਪਏ ਦਾ ਪ੍ਰਾਈਵੇਟ ਨਿਵੇਸ਼ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 8000 ਹੁਨਰਮੰਦ/ਗ਼ੈਰ-ਹੁਨਰਮੰਦ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ, ਗਰੀਨ ਹਾਊਸ ਗੈਸਾਂ ਦਾ ਨਿਕਾਸ ਵੀ ਘਟੇਗਾ ਅਤੇ ਖੇਤੀ ਰਹਿੰਦ-ਖੂੰਹਦ ਤੋਂ ਕਿਸਾਨਾਂ ਦੀ ਆਮਦਨ ਵਧਣ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਪੇਡਾ ਦੇ ਚੀਫ ਐਗਜੀਕਿਊਟਿਵ ਸ੍ਰੀ ਸੁਮੀਤ ਜਾਰੰਗਲ ਨੇ ਦੱਸਿਆ ਕਿ ਕੁੱਲ 14.25 ਟਨ ਸੀਬੀਜੀ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਦੋ ਹੋਰ ਪਲਾਂਟ 2022-23 ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਬਾਕੀ ਪ੍ਰਾਜੈਕਟਾਂ ਦੇ ਅਗਲੇ ਤਿੰਨ ਸਾਲਾਂ ਵਿੱਚ ਚਾਲੂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਚਾਲੂ ਹੋਣ ਉਤੇ ਪ੍ਰਤੀ ਦਿਨ 492.58 ਟਨ ਸੀਬੀਜੀ ਪੈਦਾ ਕਰਨਗੇ ਅਤੇ ਇਨ੍ਹਾਂ ਵਿੱਚ ਸਾਲਾਨਾ ਲਗਭਗ 16.5 ਲੱਖ ਟਨ ਪਰਾਲੀ ਦੀ ਖ਼ਪਤ ਹੋਵੇਗੀ।
SHARE