- ਟੀਕਾਕਰਨ ਦਾ ਰੋਜ਼ਾਨਾ ਟੀਚਾ ਦੁੱਗਣਾ ਕਰਕੇ 50,000 ਕਰਨ ਲਈ ਕਿਹਾ
- ਅਧਿਕਾਰੀਆਂ ਨੂੰ ਪਸ਼ੂਆਂ ਲਈ ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਾਉਣ ਦੇ ਨਿਰਦੇਸ਼
ਇੱਥੇ ਪੰਜਾਬ ਭਵਨ ਵਿਖੇ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰਦੇਸ਼ ਦਿੱਤੇ ਕਿ 3 ਲੱਖ 33 ਹਜ਼ਾਰ ਹੋਰ ਖ਼ੁਰਾਕਾਂ ਦੇਸ਼ ਦੀਆਂ ਪ੍ਰਵਾਨਤ ਪਸ਼ੂ ਸੰਸਥਾਵਾਂ ਤੋਂ ਤੁਰੰਤ ਮੰਗਵਾ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਪੁੁੱਜਦੀਆਂ ਕੀਤੀਆਂ ਜਾਣ ਤਾਂ ਜੋ ਟੀਕਾਕਰਨ ਮੁਹਿੰਮ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।
3 ਲੱਖ 33 ਹਜ਼ਾਰ ਹੋਰ ਖ਼ੁਰਾਕਾਂ ਦੇਸ਼ ਦੀਆਂ ਪ੍ਰਵਾਨਤ ਪਸ਼ੂ ਸੰਸਥਾਵਾਂ ਤੋਂ ਤੁਰੰਤ ਮੰਗਵਾ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਪੁੁੱਜਦੀਆਂ ਕੀਤੀਆਂ ਜਾਣ
ਮੰਤਰੀ ਸਮੂਹ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੋਜ਼ਾਨਾ ਬੀਮਾਰੀ ਸਬੰਧੀ ਚਲ ਰਹੇ ਰਾਹਤ ਕਾਰਜਾਂ ਦੀ ਰਿਪੋਰਟ ਲੈ ਰਹੇ ਹਨ।
ਪਸ਼ੂਆਂ ਨੂੰ ਲਾਏ ਜਾ ਰਹੇ ਗੋਟ ਪੌਕਸ ਦੇ ਟੀਕਿਆਂ ਸਬੰਧੀ ਕੰਮ ਦੀ ਸਮੀਖਿਆ ਕਰਦਿਆਂ ਮੰਤਰੀ ਸਮੂਹ ਨੇ ਹਦਾਇਤ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਇਹ ਟੀਚਾ ਦੁੱਗਣਾ ਕਰਕੇ ਰੋਜ਼ਾਨਾ 50,000 ਕੀਤਾ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪਸ਼ੂਆਂ ਦਾ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ 30 ਹਜ਼ਾਰ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਮੀਟਿੰਗ ਦੌਰਾਨ ਮੰਤਰੀ ਸਮੂਹ ਦੀ ਕਮੇਟੀ ਦੇ ਮੈਂਬਰ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਪਸ਼ੂ ਪਾਲਣ ਡਾ. ਸੰਜੀਵ ਗੋਇਲ ਮੌਜੂਦ ਰਹੇ ਜਦਕਿ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਐਸ.ਪੀ.ਐਸ. ਘੁੰਮਣ ਅਤੇ ਡਾਇਰੈਕਟਰ ਕਲੀਨਿਕਸ ਡਾ. ਐਸ.ਐਸ. ਰੰਧਾਵਾ ਵੀਡੀਉ ਕਾਨਫ਼ਰੰਸਿੰਗ ਰਾਹੀਂ ਜੁੜੇ।
ਸੂਬੇ ਵਿੱਚ ਕੋਈ ਪਸ਼ੂ ਮੇਲਾ ਨਾ ਕਰਵਾਉਣ ਅਤੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਪਸ਼ੂਆਂ ਦੇ ਦਾਖ਼ਲੇ ‘ਤੇ ਰੋਕ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ
ਕੈਬਨਿਟ ਮੰਤਰੀਆਂ ਨੇ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਪਸ਼ੂਆਂ ਲਈ ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਾਉਣ ਹਿੱਤ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ। ਇਸ ਤੋਂ ਇਲਾਵਾ ਬਿਮਾਰੀ ‘ਤੇ ਕਾਬੂ ਪੈਣ ਤੱਕ ਸੂਬੇ ਵਿੱਚ ਕੋਈ ਪਸ਼ੂ ਮੇਲਾ ਨਾ ਕਰਵਾਉਣ ਅਤੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਪਸ਼ੂਆਂ ਦੇ ਦਾਖ਼ਲੇ ‘ਤੇ ਰੋਕ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਮੰਤਰੀ ਸਮੂਹ ਨੇ ਸੂਬੇ ਵਿੱਚ ਮੱਛਰਾਂ ਦੀ ਦਵਾਈ ਦੇ ਛਿੜਕਾਅ ਸਬੰਧੀ ਕਾਰਜਾਂ ਦੀ ਵੀ ਸਮੀਖਿਆ ਕੀਤੀ।
ਮੰਤਰੀ ਸਮੂਹ ਨੇ ਦੱਸਿਆ ਕਿ ਮਰੇ ਹੋਏ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਤੋਂ ਰੋਕਣ ਲਈ ਸਰਕਾਰ ਨੇ ਬੀ.ਡੀ.ਪੀ.ਓਜ਼ ਨੂੰ ਫ਼ੰਡ ਜਾਰੀ ਕਰਕੇ ਇਹ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਜੇ.ਸੀ.ਬੀ. ਦਾ ਪ੍ਰਬੰਧ ਕਰਨ ਅਤੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣਾ ਯਕੀਨੀ ਬਣਾਉਣ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਨਿਰੰਤਰ ਰਾਬਤਾ ਰੱਖਣ। ਮੰਤਰੀਆਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ।
ਇਸੇ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੀੜਤ ਪਸ਼ੂਆਂ ਦਾ ਦੁੱਧ ਨਾ ਪੀਣ ਸਬੰਧੀ ਅਫ਼ਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣ ਨਾਲ ਮਨੁੱਖੀ ਸਰੀਰ ਨੂੰ ਇਹ ਬੀਮਾਰੀ ਪ੍ਰਭਾਵਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।
ਜਲ ਸਰੋਤ ਮੰਤਰੀ ਵੱਲੋਂ ਮ੍ਰਿਤਕ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਵਹਾਉਣ ਦੀ ਅਪੀਲ
ਪੰਜਾਬ ਦੇ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸੂਬੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਮ੍ਰਿਤਕ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਵਹਾਉਣ।
ਇਸ ਸਬੰਧੀ ਜਾਰੀ ਬਿਆਨ ਵਿੱਚ ਬੈਂਸ ਨੇ ਕਿਹਾ ਕਿ ਵੱਖ-ਵੱਖ ਅਖ਼ਬਾਰਾਂ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਕੁੱਝ ਖੇਤਰਾਂ ਵਿੱਚ ਲੰਪੀ ਸਕਿੱਨ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਨੂੰ ਨਦੀਆਂ ਵਿੱਚ ਵਹਾਇਆ ਜਾ ਰਿਹਾ ਹੈ ਅਤੇ ਮਹਿਮਾ ਭਾਗਵਾਨਾ ਪਿੰਡ ਨਜ਼ਦੀਕ ਕੋਟਭਾਈ ਕੱਸੀ ਵਿੱਚ 5 ਮਿ੍ਤਕ ਪਸ਼ੂ ਤੈਰ ਰਹੇ ਸਨ।
ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੰਪੀ ਸਕਿੱਨ ਬੀਮਾਰੀ ਕਾਰਨ ਮਾਰੇ ਗਏ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਾਈਜੀਨਿਕ ਵਿਧੀ ਅਪਣਾਉਂਦੇ ਹੋਏ ਡੂੰਘਾ ਟੋਆ ਪੁੱਟ ਕੇ ਦੱਬਿਆ ਜਾਵੇ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਜਲ ਸਰੋਤਾਂ ਵਿੱਚ ਮ੍ਰਿਤਕ ਪਸ਼ੂਆਂ ਨੂੰ ਵਹਾਉਣ ਨਾਲ ਆਮ ਲੋਕਾਂ ਲਈ ਖਤਰਾ ਪੈਦਾ ਹੋ ਜਾਵੇਗਾ।
ਜਲ ਸਰੋਤ ਮੰਤਰੀ ਦੀ ਹਦਾਇਤ ‘ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਲੰਪੀ ਸਕਿੱਨ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਨੂੰ ਜਲ ਸਰੋਤਾਂ ਵਿੱਚ ਵਹਾਉਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਅਜਿਹਾ ਕਰਦਾ ਪਾਏ ਜਾਣ ‘ਤੇ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਹ ਵੀ ਪੜ੍ਹੋ: ਲਾਲ ਚੌਕ ‘ਤੇ ਹੁਣ ਤਿਰੰਗਾ ਲਹਿਰਾ ਰਿਹਾ ਹੈ: ਕਾਰਤਿਕ ਸ਼ਰਮਾ
ਇਹ ਵੀ ਪੜ੍ਹੋ: ਐੱਨਆਈਏ ਨੇ ਭੋਪਾਲ ਤੋਂ ਜਮਾਤ-ਉਲ-ਮੁਜਾਹਿਦੀਨ ਦੇ ਦੋ ਸ਼ੱਕੀ ਮੇਂਬਰ ਹਿਰਾਸਤ ਵਿੱਚ ਲਏ
ਇਹ ਵੀ ਪੜ੍ਹੋ: ਪੁਲਵਾਮਾ ‘ਚ 25-30 ਕਿਲੋ IED ਬਰਾਮਦ
ਸਾਡੇ ਨਾਲ ਜੁੜੋ : Twitter Facebook youtube