ਮੁੱਖ ਮੰਤਰੀ ਵੱਲੋਂ ਕਾਬੁਲ ਵਿਖੇ ਗੁਰਦੁਆਰਾ ਸਾਹਿਬ `ਤੇ ਹਮਲੇ ਦੀ ਨਿਖੇਧੀ; ਹਮਲੇ ਨੂੰ ਅਤਿਵਾਦੀਆਂ ਦੀ ਵਹਿਸ਼ੀ ਅਤੇ ਕਾਇਰਤਾ ਭਰੀ ਕਾਰਵਾਈ ਦੱਸਿਆ

0
176
attacks on gurdwara sahib in kabul, chief minister bhagwant mann, Protection of Sikhs
attacks on gurdwara sahib in kabul, chief minister bhagwant mann, Protection of Sikhs
  • ਕਾਬੁਲ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ


ਇੰਡੀਆ ਨਿਊਜ਼, PUNJAB NEWS : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਅਤੇ ਘਿਨਾਉਣੇ ਹਮਲੇ ਦੀ ਨਿਖੇਧੀ ਕੀਤੀ ਹੈ।

ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਬੁਲ ਵਿੱਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ

ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਇਹ ਇੱਕ ਅਣਮਨੁੱਖੀ ਕਾਰਵਾਈ ਹੈ ਅਤੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਬੁਲ ਵਿੱਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।”

ਮੁੱਖ ਮੰਤਰੀ ਨੇ ਕਿਹਾ ਕਿ ‘ਕਰਤੇ ਪਰਵਾਨ’ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ’ਤੇ ਹਮਲਾ ਦਹਿਸ਼ਤਗਰਦਾਂ ਦੀ ਸ਼ਰਮਨਾਕ ਅਤੇ ਕਾਇਰਤਾ ਭਰੀ ਕਾਰਵਾਈ ਹੈ, ਜਿਨ੍ਹਾਂ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਬੇਦੋਸ਼ੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ ਨੂੰ ਅਫਗਾਨਿਸਤਾਨ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਥੇ ਰਹਿੰਦੇ ਸਿੱਖਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਨੂੰ ਨਿਰਣਾਇਕ ਅਤੇ ਤੇਜ਼ੀ ਨਾਲ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਤਵਾਦੀਆਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਅਜਿਹੀਆਂ ਵਹਿਸ਼ੀਆਨਾ ਕਾਰਵਾਈਆਂ ਕਰਨ ਲਈ ਨਹੀਂ ਬਖਸ਼ਿਆ।

ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਇੱਕੋ-ਇੱਕ ਮਕਸਦ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਹੈ

ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਇੱਕੋ-ਇੱਕ ਮਕਸਦ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਜਿੱਥੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ, `ਤੇ ਹਮਲਾ ਕਰਨਾ ਕਲਪਨਾ ਤੋਂ ਪਰ੍ਹੇ ਹੈ। ਉਨ੍ਹਾਂ ਦੁਹਰਾਇਆ ਕਿ ਇਹ ਇੱਕ ਘਿਣਾਉਣੀ ਕਾਰਵਾਈ ਹੈ, ਜਿਸ ਦੀ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕਾਬੁਲ ਵਿੱਚ ਵੱਸਦੇ ਸਮੂਹ ਸਿੱਖਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦੀ ਅਪੀਲ ਕੀਤੀ।
SHARE