Awareness About Voting In Schools : ਸਕੂਲਾਂ ਵਿੱਚ ਨਤੀਜਿਆਂ ਦੀ ਘੋਸ਼ਣਾ ਮੌਕੇ ਮਾਪਿਆਂ ਨੂੰ ਲੋਕ ਸਭਾ ਚੋਣਾਂ-2024 ’ਚ ਮਤਦਾਨ ਪ੍ਰਤੀ ਜਾਗਰੂਕ ਕੀਤਾ

0
83
Awareness About Voting In Schools

India News (ਇੰਡੀਆ ਨਿਊਜ਼), Awareness About Voting In Schools, ਚੰਡੀਗੜ੍ਹ : ਪੰਜਾਬ ’ਚ ਪਹਿਲੀ ਜੂਨ, 2024 ਨੂੰ ਹੋਣ ਜਾ ਰਹੇ ਮਤਦਾਨ ਪ੍ਰਤੀ ਜ਼ਮੀਨੀ ਪੱਧਰ ਤੱਕ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਜਿੱਥੇ ਸਕੂਲਾਂ ’ਚ ਮਾਰਚ ਮਹੀਨੇ ਦੇ ਆਖਰੀ ਦਿਨਾਂ ’ਚ ਆਪਣੇ ਬੱਚਿਆਂ ਦਾ ਸਲਾਨਾ ਅਕਾਦਮਿਕ ਨਤੀਜਾ ਲੈਣ ਆਏ ਮਾਪਿਆਂ ਨੂੰ ਮਤਦਾਨ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ ਉੱਥੇ ਰੋਜ਼ਾਨਾ ਸਵੇਰ ਦੀ ਸਭਾ ’ਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਆਲੇ-ਦੁਆਲੇ ’ਚ ਮਤਦਾਨ ਪ੍ਰਤੀ ਚੇਤੰਨਤਾ ਫੈਲਾਉੁਣ ਲਈ ਸੰਦੇਸ਼ ਦਿੱਤਾ ਜਾ ਰਿਹਾ ਹੈ।

ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ ਸਿੰਘ ਅਨਟਾਲ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ ’ਚ ਜ਼ਿਲ੍ਹਾ ਸਵੀਪ ਟੀਮ ਹਰ ਸੰਭਵ ਢੰਗ-ਤਰੀਕਾ ਵਰਤ ਕੇ ਮਤਾਦਾਤਾਵਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ 9 ਅਪਰੈਲ ਨੂੰ ਪੰਜਾਬ ਕਿੰਗਜ਼ ਅਤੇ ਸਨ ਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਣ ਵਾਲੇ ਆਈ ਪੀ ਐਲ ਲੜੀ ਦੇ ਮੈਚ ਨੂੰ ਲੈ ਕੇ ਵਿਸ਼ੇਸ਼ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਉੱਥੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਨਿਰੰਤਰ ਮਤਦਾਨ ਪ੍ਰਤੀ ਪ੍ਰੇਰਿਆ ਜਾ ਰਿਹਾ ਹੈ।

ਨਿਵੇਕਲੇ ਢੰਗ ਦੀਆਂ ਸਵੀਪ ਗਤੀਵਿਧੀਆਂ

ਉੁਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ 80 ਫ਼ੀਸਦੀ ਮਤਦਾਨ ਦਾ ਟੀਚਾ ਪ੍ਰਾਪਤ ਕਰਨ ਦੇ ਉਪਰਾਲਿਆਂ ਦੀ ਲੜੀ ’ਚ ਅਗਲੇ ਦਿਨਾਂ ’ਚ ਨਿਵੇਕਲੇ ਢੰਗ ਦੀਆਂ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਦਾ ਧਿਆਨ ਮਤਦਾਨ ਵੱਲ ਵਿਸ਼ੇਸ਼ ਰੂਪ ’ਚ ਖਿੱਚਿਆ ਜਾ ਸਕੇਗਾ। ਜ਼ਿਲ੍ਹਾ ਉੱਪ ਸਿਖਿਆ ਅਫ਼ਸਰ (ਸੈਕੰਡਰੀ) ਅੰਗਰੇਜ ਸਿੰਘ ਜੋ ਕਿ ਸਕੂਲਾਂ ’ਚ ਇਨ੍ਹਾਂ ਸਵੀਪ ਗਤੀਵਿਧੀਆਂ ਲਈ ਨੋਡਲ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ, ਨੇ ਦੱਸਿਆ ਕਿ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਦੀ ਅਗਵਾਈ ’ਚ ਜ਼ਿਲ੍ਹੇ ਦੇ ਸਮੂਹ ਅਪਰ ਪ੍ਰਾਇਮਰੀ ਸਕੂਲਾਂ ’ਚ ਸਵੀਪ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਵਿਦਿਅਆਰਥੀਆਂ ਦੇ ਮਾਪਿਆਂ ਨੂੰ ਮਤਦਾਨ ਦੀ ਮਹੱਤਤਾ

ਇਨ੍ਹਾਂ ਗਤੀੀਵਧੀਆਂ ਤਹਿਤ ਜਿੱਥੇ ਸਕੂਲ ’ਚ ਨਤੀਜਾ ਸੁਣਨ ਆਏ ਵਿਦਿਅਆਰਥੀਆਂ ਦੇ ਮਾਪਿਆਂ ਨੂੰ ਮਤਦਾਨ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ ਉੱਥੇ ਨਵੇਂ ਦਾਖਲੇ ਕਰਵਾਉਣ ਆ ਰਹੇ ਮਾਪਿਆਂ ਨੂੰ ਵੀ ਇੱਕ-ਇੱਕ ਵੋਟ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਜਿੱਥੇ ਸਵੇਰ ਦੀ ਸਭਾ ’ਚ ਲੋਕਤੰਤਰੀ ਅਮਲ ਦੀ ਰੀੜ੍ਹ ਦੀ ਹੱਡੀ ਵੱਲੋਂ ਜਾਣੇ ਜਾਂਦੇ ਮਤਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਆਲੇ-ਦੁਆਲੇ ’ਚ ਨਿਰਪੱਖ ਅਤੇ ਲੋਭ-ਰਹਿਤ ਮਤਦਾਨ ਬਾਰੇ ਪ੍ਰੇਰਨ ਲਈ ਪ੍ਰਣ ਵੀ ਦਿਵਾਇਆ ਜਾ ਰਿਹਾ ਹੈ।

ਸਕੂਲਾਂ ’ਚ ਕੈਂਪਸ ਅੰਬੈਸਡਰ ਵੀ ਬਣਾਏ ਗਏ

ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਅਨਟਾਲ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਅਗਲੇ ਦਿਨਾਂ ਸਕੂਲਾਂ ’ਚ ਜਾਗਰੂਕਤਾ ਵਜੋਂ ਪੋਸਟਰ ਮੇਕਿੰਗ, ਮੈਰਾਥਨ, ਸਲੋਗਨ ਰਾਈਟਿੰਗ, ਕੁਇਜ਼ ਮੁਕਾਬਲੇ, ਨਵੇਂ ਵੋਟਰਾਂ ਦੇ ਮਹਿੰਦੀ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਕੂਲਾਂ ’ਚ ਕੈਂਪਸ ਅੰਬੈਸਡਰ ਵੀ ਬਣਾਏ ਗਏ ਹਨ ਅਤੇ ਅਧਿਆਪਕਾਂ ਨੂੰ ਇਲੈਖਟੋਰਲ ਲਿਟਰੇਸੀ ਅਤੇ ਆਪਣੀ ਸੰਸਥਾ ਦਾ ਸਵੀਪ ਨੋਡਲ ਅਫ਼ਸਰ ਲਾਇਆ ਗਿਆ ਹੈ, ਜਿਸ ਸਬੰਧੀ ਅਗਲੇ ਹਫ਼ਤੇ ਟ੍ਰੇਨਿੰਗ ਰੱਖੀ ਗਈ ਹੈ।

SHARE