ਕੇਂਦਰ ਦੇ ਫੈਸਲੇ ਨਾਲ ਸਮੂਹ ਸੰਗਤਾਂ ਖਾਸ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ
ਇੰਡੀਆ ਨਿਊਜ਼, ਚੰਡੀਗੜ੍ਹ : ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜਲੀਆਂ ਸਰਾਵਾਂ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਆਪਹੁਦਰਾ ਅਤੇ ਅਣਉਚਿਤ ਕਦਮ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਹਰਿਮੰਦਰ ਸਾਹਿਬ ਨੇੜਲੀਆਂ ਸਰਾਵਾਂ ਉਤੇ ਜੀਐਸਟੀ ਲਾਉਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਐਨਆਰਆਈ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਸਮੇਤ ਸਰਾਵਾਂ ਦਰਬਾਰ ਸਾਹਿਬ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਰਾਵਾਂ ਦਾ ਮੁੱਖ ਮਨੋਰਥ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਰਹਿਣ ਦੀ ਵਿਵਸਥਾ ਕਰਨਾ ਹੈ ਜਿਸ ਕਰਕੇ ਇਹ ਸਰਾਵਾਂ ਗੁਰਦੁਆਰਾ ਕੰਪਲੈਕਸ ਦਾ ਅਨਿੱਖੜਵਾਂ ਹਿੱਸਾ ਹਨ।
ਸਰਾਵਾਂ ਗੈਰ-ਵਪਾਰਕ ਸੰਸਥਾਵਾਂ
ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਸਰਾਵਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਨਾਫਾ ਨਾ ਕਮਾਉਣ ਦੇ ਉਦੇਸ਼ ਨਾਲ ਅਰਾਮਦਾਇਕ ਠਹਿਰ ਮੁਹੱਈਆ ਕਰਵਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਸਰਾਵਾਂ ਦੇ ਕਮਰਿਆਂ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਨਾਲ ਦੁਨੀਆ ਭਰ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਮਹਿੰਗੇ ਭਾਅ ਉਤੇ ਕਮਰੇ ਲੈਣੇ ਪੈਣਗੇ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਰਾਵਾਂ ਗੈਰ-ਵਪਾਰਕ ਸੰਸਥਾਵਾਂ ਹਨ ਅਤੇ ਇਨ੍ਹਾਂ ਦਾ ਨਿਰਮਾਣ ਪਵਿੱਤਰ ਨਗਰੀ ਵਿਖੇ ਰੋਜ਼ਾਨਾ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਦੀ ਸਹੂਲਤ ਲਈ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’
ਸਾਡੇ ਨਾਲ ਜੁੜੋ : Twitter Facebook youtube